ਖੇਤੀ ਕਾਨੂੰਨ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਅੱਜ ਲਖਨਊ 'ਚ ਕਿਸਾਨਾਂ ਦੀ ਪਹਿਲੀ ਮਹਾਪੰਚਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

29 ਨਵੰਬਰ ਨੂੰ ਕਿਸਾਨਾਂ ਦਾ ਸੰਸਦ ਵੱਲ ਮਾਰਚ ਨਿਰਧਾਰਤ ਪ੍ਰੋਗਰਾਮ ਮੁਤਾਬਕ ਹੋਵੇਗਾ।

SKM to organise farmers’ Mahapanchayat in Lucknow on Monday

 

ਲਖਨਊ : ਤਿੰਨੇ ਖੇਤੀ ਕਾਨੂੰਨਾਂ ਵਾਪਸੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਇਕ ਸਾਲ ਤੋਂ ਵੱਧ ਤੋਂ ਸਮੇਂ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਲਖਨਊ ’ਚ ਅੱਜ ਕਿਸਾਨ ਮਹਾਂਪੰਚਾਇਤ ਸੱਦੀ ਹੈ, ਜਿਸ ਵਿਚ ਕਿਸਾਨ ਮੋਰਚਾ ਅੱਗੇ ਦੀ ਰਣਨੀਤੀ ’ਤੇ ਵਿਚਾਰ ਕਰੇਗਾ। ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਕੇਂਦਰ ਦੇ ਐਲਾਨ ਦੇ ਬਾਵਜੂਦ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤਕ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਕਾਨੂੰਨ ਨਹੀਂ ਬਣਦਾ ਅਤੇ ਲਖੀਮਪੁਰ ਖੇੜੀ ਹਿੰਸਾ ਮਾਮਲੇ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ, ਉਦੋਂ ਤਕ ਉਨ੍ਹਾਂ ਦਾ ਇਹ ਅੰਦੋਲਨ ਜਾਰੀ ਰਹੇਗਾ। 

ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਲਖਨਊ ਦੇ ਈਕੋ ਗਾਰਡਲ ’ਚ ਆਯੋਜਤ ਹੋਣ ਵਾਲੀ ਕਿਸਾਨ ਮਹਾਪੰਚਾਇਤ ਲਈ ਕਿਸਾਨਾਂ ਨੂੰ ਇਥੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ‘ਚਲੋ ਲਖਨਊ-ਚਲੋ ਲਖਲਊ’ ਨਾਹਰੇ ਨਾਲ ਐਤਵਾਰ ਨੂੰ ਟਵੀਟ ਕੀਤਾ, ‘‘ਸਰਕਾਰ ਵਲੋਂ ਜਿਨ੍ਹਾਂ ਖੇਤੀ ਸੁਧਾਰਾਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਨਕਲੀ ਅਤੇ ਬਨਾਉਟੀ ਹਨ। ਇਨ੍ਹਾਂ ਸੁਧਾਰਾਂ ਨਾਲ ਕਿਸਾਨਾਂ ਦੀ ਬਦਹਾਲੀ ਰੁਕਣ ਵਾਲੀ ਨਹੀਂ ਹੈ। ਖੇਤੀ ਅਤੇ ਕਿਸਾਨਾਂ ਲਈ ਐਮਐਸਪੀ ਨੂੰ ਕਾਨੂੰਨ ਬਣਾਉਣਾ ਸੱਭ ਤੋਂ ਵੱਡਾ ਸੁਧਾਰ ਹੋਵੇਗਾ।’’

ਇਸ ਵਿਚਾਲੇ ਲਖਨਊ ’ਚ ਆਯੋਜਤ ਕਿਸਾਨ ਮਹਾਪੰਚਾਇਤ ’ਚ ਸ਼ਾਮਲ ਹੋਣ  ਲਈ ਪ੍ਰਦੇਸ਼ ਦੇ ਜ਼ਿਲ੍ਹਿਆਂ ਤੋਂ ਕਿਸਾਨਾਂ ਦਾ ਜੱਥਾ ਦਾ ਰਵਾਨਾ ਹੋਣਾ ਲੱਗਾ ਹੈ। ਲਖਨਊ ਦੇ ਬੰਗਲਾ ਬਾਜ਼ਾਰ ਸਥਿਤ ਈਕੋ ਗਾਰਡਨ ’ਚ ਹੋਣ ਵਾਲੀ ਮਹਾਪੰਚਾਇਤ ’ਚ ਆਉਣ ਵਾਲੇ ਕਿਸਾਨਾਂ ਦੇ ਖਾਣ-ਪੀਣ ਲਈ ਆਯੋਜਕਾਂ ਨੇ ਭਾਰੀ ਇੰਤਜ਼ਾਮ ਕੀਤਾ ਹੈ। ਕਿਸਾਨ ਮੋਰਚਾ ਦੇ ਇਕ ਆਗੂ ਨੇ ਦਸਿਆ ਕਿ  ਮਹਾਪੰਚਾਇਤ ਸਥਲ ’ਤੇ ਤਿੰਨ ਵੱਡੇ ਲੰਗਰ ਲਾਏ ਗਏ ਹਨ ਅਤੇ ਜ਼ਰੂਰਤ ਦੇ ਹਿਸਾਬ ਨਾਲ ਇਕ ਹੋਰ ਵੱਡਾ ਲੰਗਰ ਲਾਇਆ ਜਾਵੇਗਾ। ਕਿਸਾਨਾਂ ਨੂੰ ਪੀਣ ਦੇ ਪਾਣੀ ਲਈ ਟੈਂਕਰ ਅਤੇ ਪਾਣੀ ਦੀਆਂ ਬੋਤਲਾਂ ਦਾ ਇੰਤਜ਼ਾਮ ਕੀਤਾ ਗਿਆ ਹੈ। 

ਉਧਰ, ਦੂਜੇ ਪਾਸੇ ਪੁਲਿਸ ਨੇ ਵੀ ਇਸ ਆਯੋਜਨ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਤਿਆਰੀ ਕੀਤੀ ਹੈ। ਲਖਨਊ ਪੁਲਿਸ ਅਧਿਕਾਰੀ ਡੀ.ਕੇ. ਠਾਕੁਰ ਨੇ ਪੀਟੀਆਈ ਨੂੰ ਦਸਿਆ ਕਿ ਸੁਰੱਖਿਆ ਦੇ ਪੂਰੇ ਬੰਦੋਬਸਤ ਕੀਤੇ ਗਏ ਹਨ ਅਤੇ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਆਵਾਜਾਈ ਪ੍ਰਬੰਧਨ ਲਈ ਵੀ ਵੱਡੇ ਪੱਧਰ ’ਤੇ ਤਿਅਰੀ ਕੀਤੀ ਗਈ ਹੈ।   

ਇਸ ਦੇ ਨਾਲ ਹੀ ਸ. ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਕਾਲੇ ਕਾਨੂੰਨ ਰੱਦ ਕਰਨ ਦੀ ਗੱਲ ਮੰਨ ਲਈ ਹੈ ਪਰ ਅਸੀਂ ਦਿੱਲੀ ਬਾਰਡਰਾਂ ਉੱਪਰ ਲੱਗਿਆ ਮੋਰਚਾ ਬਿਲਕੁਲ ਵੀ ਨਹੀਂ ਹਿਲਾਉਣਾ, ਇਸ ਲਈ 29 ਨਵੰਬਰ ਨੂੰ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਡੱਲੇਵਾਲ ਮੁਤਾਬਕ ਐਮਐਸਪੀ ਦੀ ਗਰੰਟੀ ਮਿਲਣ ਤੱਕ ਜਿੱਤ ਅਧੂਰੀ ਹੈ ਤੇ ਲੜਾਈ ਬਰਕਰਾਰ ਜਾਰੀ ਹੈ। ਉਨ੍ਹਾਂ ਬੀਕੇਯੂ ਏਕਤਾ ਸਿੱਧੂਪੁਰ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ ਅਤੇ ਸਬੰਧਤ ਇਕਾਈਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ 24 ਨਵੰਬਰ ਨੂੰ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚੋਂ ਹਜ਼ਾਰਾਂ ਟਰੈਕਟਰ-ਟਰਾਲੀਆਂ ਦਾ ਕਾਫ਼ਲਾ ਦਿੱਲੀ ਮੋਰਚੇ ਵਿਚ ਭੇਜਣਾ ਯਕੀਨੀ ਬਣਾਉਣ। ਉਨ੍ਹਾਂ ਦੁਹਰਾਇਆ ਕਿ ਜਦੋਂ ਤਕ ਸੈਸ਼ਨ ਬੁਲਾ ਕੇ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਸ ਸਮੇਂ ਤੱਕ ਸੰਯੁਕਤ ਕਿਸਾਨ ਮੋਰਚੇ ਵਲੋਂ ਜੋ ਵੀ ਪ੍ਰੋਗਰਾਮ ਦਿਤੇ ਗਏ ਹਨ ਉਸ ਤਰ੍ਹਾਂ ਹੀ ਜਾਰੀ ਰਹਿਣਗੇ।