ਸੋਨੀਪਤ 'ਚ ਸ਼ਰਾਬ ਪੀਣ ਨਾਲ ਚਾਰ ਲੋਕਾਂ ਦੀ ਹੋਈ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੱਕ ਦੀ ਹਾਲਤ ਗੰਭੀਰ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

Punjabi News

ਸੋਨੀਪਤ : ਗੋਹਾਨਾ ਦੇ ਪਿੰਡ ਸ਼ਾਮੜੀ ਦੇ ਚਾਰ ਵਸਨੀਕਾਂ ਸਮੇਤ ਪੰਜ ਲੋਕਾਂ ਦੀ ਸ਼ਰਾਬ ਪੀਣ ਨਾਲ ਹਾਲਤ ਵਿਗੜ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ੇਰੇ ਇਲਾਜ਼ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਵਿਚ ਤਿੰਨ ਪਿੰਡ ਸ਼ਾਮੜੀ ਦੇ ਰਹਿਣ ਵਾਲੇ ਸਨ ਜਦਕਿ ਚੌਤਾ ਉਨ੍ਹਾਂ ਦਾ ਰਿਸ਼ਤੇਦਾਰ ਸੀ ਜੋ ਪਾਨੀਪਤ ਦੇ ਪਿੰਡ ਬੁਦਸ਼ਾਮ ਦਾ ਰਹਿਣ ਵਾਲਾ ਸੀ। ਘਟਨਾ ਦਾ ਪਤਾ ਲਗਦੇ ਹੀ ਸਦਰ ਥਾਣਾ ਗੋਹਾਨਾ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਦੀ ਮੌਤ ਕੱਚੀ ਸ਼ਰਾਬ (ਲਾਹਣ) ਪੀਣ ਕਾਰਨ ਹੋਈ ਹੈ। ਪੁਲਿਸ ਵਲੋਂ ਇਹ ਵੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਪਿੰਡ ਵਾਲੇ ਇਹ ਸ਼ਰਾਬ ਕਿਥੋਂ ਲੈ ਕੇ ਆਏ ਹਨ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸ਼ਾਮੜੀ ਦੇ ਰਹਿਣ ਵਾਲੇ ਸੁਰਿੰਦਰ (35), ਸੁਨੀਲ (30), ਅਜੇ (31), ਬੰਟੀ ਅਤੇ ਅਜੇ ਦੇ ਇੱਕ ਰਿਸ਼ਤੇਦਾਰ ਅਨਿਲ (32) ਵਾਸੀ ਬੁਦਸ਼ਾਮ ਨੇ ਐਤਵਾਰ ਨੂੰ ਇਕੱਠਿਆਂ ਹੀ ਸ਼ਰਾਬ ਪੀਤੀ ਸੀ। ਇਨ੍ਹਾਂ ਵਿਚੋਂ ਸੁਨੀਲ, ਅਜੇ ਅਤੇ ਉਨ੍ਹਾਂ ਦਾ ਰਿਸ਼ਤੇਦਾਰ ਪਾਨੀਪਤ ਸ਼ੂਗਰ ਮਿੱਲ ਦੇ ਮੁਲਾਜ਼ਮ ਸਨ। ਪੰਜਾਂ ਨੇ ਉਥੇ ਸ਼ਰਾਬ ਪੀਤੀ ਅਤੇ ਫਿਰ ਪਿੰਡ ਬੁਦਸ਼ਾਮ ਦੇ ਰਹਿਣ ਵਾਲੇ ਅਨਿਲ ਦੇ ਘਰ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਅਚਾਨਕ ਹਾਲਤ ਵਿਗੜਨ ਕਾਰਨ ਅਨਿਲ ਦੀ ਮੌਤ ਹੋ ਗਈ।

ਸੋਮਵਾਰ ਦੇਰ ਸ਼ਾਮ ਸੁਰਿੰਦਰ, ਸੁਨੀਲ, ਅਜੇ ਅਤੇ ਬੰਟੀ ਦੀ ਵੀ ਸਿਹਤ ਵਿਗੜ ਗਈ। ਜਿਸ ਮਗਰੋਂ ਉਨ੍ਹਾਂ ਨੂੰ ਭਗਤ ਫੂਲ ਸਿੰਘ ਮਹਿਲਾ ਮੈਡੀਕਲ ਕਾਲਜ ਖਾਨਪੁਰ ਲਿਜਾਇਆ ਗਿਆ ਪਰ ਅਜੇ ਦੀ ਇਲਾਜ ਦੌਰਾਨ ਮੌਤ ਹੋ ਗਈ। ਉਥੇ ਹੀ ਸੁਰਿੰਦਰ ਅਤੇ ਸੁਨੀਲ ਦੀ ਰੋਹਤਕ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਸੀ ਜਿਥੇ ਉਨ੍ਹਾਂ ਦੀ ਵੀ ਮੌਤ ਹੋ ਗਈ ਹੈ। ਇੱਕੋ ਸਮੇਂ ਚਾਰ ਲੋਕਾਂ ਦੀ ਮੌਤ ਹੋਣ ਕਾਰਨ ਪਿੰਡ ਵਿਚ ਸੋਗ ਦਾ ਮਾਹੌਲ ਹੈ। ਸਦਰ ਥਾਣਾ ਪੁਲਿਸ ਵਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਪੂਰੇ ਮਾਮਲੇ ਵਿਚ ਡੀਐਸਪੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਫਿਲਹਾਲ ਜਾਂਚ ਵਿਚ ਸਾਹਮਣੇ ਨਹੀਂ ਆਇਆ ਹੈ ਕਿ ਇਹ ਸ਼ਰਾਬ ਕਿਥੋਂ ਲੈ ਕੇ ਪੀਤੀ ਸੀ। ਫਿਲਹਾਲ ਪੁਲਿਸ ਨੇ ਬੰਟੀ ਦੇ ਬਿਆਨ 'ਤੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।