ਧਾਰਮਕ ਸਥਾਨਾਂ ਨੂੰ ਪਿਕਨਿਕ ਵਾਲੀ ਥਾਂ ਨਹੀਂ ਮੰਨਿਆ ਜਾਣਾ ਚਾਹੀਦਾ : ਹਿਮਾਚਲ ਪ੍ਰਦੇਸ਼ ਦੇ ਰਾਜਪਾਲ
ਕਿਹਾ, ਧਾਰਮਕ ਸਥਾਨਾਂ ਦੀ ਪਵਿੱਤਰਤਾ ਬਣਾਈ ਰੱਖਣੀ ਚਾਹੀਦੀ ਹੈ
ਸ਼ਿਮਲਾ, 22 ਨਵੰਬਰ : ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੇ ਕਿਹਾ ਹੈ ਕਿ ਵਿਕਾਸ ਕਾਰਜਾਂ ਕਾਰਨ ਧਾਰਮਕ ਸਥਾਨਾਂ ਤਕ ਪਹੁੰਚ ਆਸਾਨ ਹੋ ਗਈ ਹੈ ਪਰ ਇਨ੍ਹਾਂ ਥਾਵਾਂ ਨੂੰ ਪਿਕਨਿਕ ਮਨਾਉਣ ਦੀ ਥਾਂ ਨਹੀਂ ਮੰਨਿਆ ਜਾਣਾ ਚਾਹੀਦਾ।
ਸ਼ੁਕਲਾ ਨੇ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸਥਾਪਨਾ ਦਿਵਸ ਦੇ ਮੌਕੇ ’ਤੇ ਹਿਮਾਚਲ ਪ੍ਰਦੇਸ਼ ’ਚ ਰਹਿ ਰਹੇ ਉਤਰਾਖੰਡ ਅਤੇ ਝਾਰਖੰਡ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਾਰਮਕ ਸਥਾਨਾਂ ਦੀ ਪਵਿੱਤਰਤਾ ਬਣਾਈ ਰੱਖਣੀ ਚਾਹੀਦੀ ਹੈ।
ਸ਼ੁਕਲਾ ਨੇ ਕਿਹਾ, ‘‘ਪਹਿਲਾਂ ਲੋਕ ਧਾਰਮਕ ਸਥਾਨਾਂ ’ਤੇ ਜਾਣ ਲਈ ਕਈ ਦਿਨ ਅਤੇ ਲੰਮੇ ਸਮੇਂ ਤਕ ਪੈਦਲ ਚੱਲਦੇ ਸਨ, ਪਰ ਹੁਣ ਉਹ ਹੈਲੀਕਾਪਟਰ ਰਾਹੀਂ ਸਫ਼ਰ ਕਰਦੇ ਹਨ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਦਾਰਨਾਥ ’ਚ ਪ੍ਰਾਰਥਨਾ ਕਰਦੇ ਹਨ ਅਤੇ ਧਿਆਨ ਕਰਦੇ ਹਨ ਤਾਂ ਲੋਕਾਂ ਨੂੰ ਸਪੱਸ਼ਟ ਸੰਦੇਸ਼ ਜਾਂਦਾ ਹੈ ਕਿ ਧਾਰਮਕ ਸਥਾਨਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।’’
ਉਨ੍ਹਾਂ ਨੇ ਦੇਸ਼ ਦੀ ਅਮੀਰ ਵਿਰਾਸਤ ਅਤੇ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ। ਸ਼ੁਕਲਾ ਨੇ ਕਿਹਾ ਕਿ ਕੇਂਦਰ ਨੇ ਲੋਕਾਂ ਨੂੰ ਜੋੜਨ ਲਈ ਰਾਜ ਭਵਨ ’ਚ ਹਰੇਕ ਰਾਜ ਦਾ ਸਥਾਪਨਾ ਦਿਵਸ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ ਹੈ।
ਉਨ੍ਹਾਂ ਕਿਹਾ, ‘‘ਸਾਨੂੰ ਅਪਣੀਆਂ ਕਦਰਾਂ-ਕੀਮਤਾਂ ਨੂੰ ਨਹੀਂ ਭੁੱਲਣਾ ਚਾਹੀਦਾ ਅਤੇ ਵਿਕਾਸ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ। ਜੇਕਰ ਅਸੀਂ ਦੋਹਾਂ ਨੂੰ ਇਕੱਠੇ ਲੈ ਕੇ ਚੱਲੀਏ ਤਾਂ ਹੀ ਅਸੀਂ ਅਪਣੇ ਸਭਿਆਚਾਰ ਨੂੰ ਬਚਾ ਸਕਾਂਗੇ।’’ (ਪੀਟੀਆਈ)