Delhi ’ਚ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਗਰੈਪ ਦੀਆਂ ਪਾਬੰਦੀਆਂ ਨੂੰ ਕੀਤਾ ਗਿਆ ਸਖਤ
ਗਰੈਪ-3 ’ਚ ਗਰੈਪ-4 ਦੀਆਂ ਪਾਬੰਦੀਆਂ ਨੂੰ ਸ਼ਾਮਲ ਕਰਨ ਦੀ ਦਿੱਤੀ ਸਲਾਹ
ਦਿੱਲੀ : ਦਿੱਲੀ-ਐਨ.ਸੀ.ਆਰ. ’ਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਸ਼੍ਰੇਣੀ ਵਿਚ ਲਗਾਤਾਰ ਬਣੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਸ ਦੇ ਹੋਰ ਵੀ ਗੰਭੀਰ ਸਥਿਤੀ ਵਿਚ ਪਹੁੰਚਣ ਦੀ ਉਮੀਦ ਹੈ। ਇਸ ਵਿਗੜਦੀ ਹੋਈ ਸਥਿਤੀ ਨੂੰ ਦੇਖਦੇ ਹੋਏ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਇਕ ਵੱਡਾ ਫ਼ੈਸਲਾ ਲਿਆ ਹੈ । ਹੁਣ ਗਰੈਪ-3 ਦੇ ਤਹਿਤ ਹੀ ਗਰੈਪ-4 ਦੇ ਕੁੱਝ ਸਖਤ ਨਿਯਮਾਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਦਿੱਲੀ ਵਿਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਵਧਣ ਤੋਂ ਰੋਕਿਆ ਜਾ ਸਕੇ। ਸੀ.ਏ.ਕਿਊ.ਐਮ. ਨੇ ਇਹ ਕਦਮ 19 ਨਵੰਬਰ ਨੂੰ ਸੁਪਰੀਮ ਕੋਰਟ ਦੀ ਉਸ ਟਿੱਪਣੀ ਤੋਂ ਬਾਅਦ ਚੁੱਕਿਆ ਹੈ, ਜਿਸ ’ਚ ਕਮਿਸ਼ਨ ਨੂੰ ਸਥਿਤੀ ਨੂੰ ਵਿਗੜਨ ਤੋਂ ਰੋਕਣ ਦੇ ਲਈ ਕਦਮ ਚੁੱਕਣ ਲਈ ਕਿਹਾ ਸੀ।
ਸੀ.ਏ.ਕਿਊ.ਐਮ. ਦੇ ਨਵੇਂ ਹੁਕਮਾਂ ਅਨੁਸਾਰ ਦਫ਼ਤਰਾਂ ’ਚ ਕਰਮਚਾਰੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਵਾਲੇ ਗਰੈਪ-4 ਦੇ ਨਿਮਨਲਿਖਤ ਉਪਾਅ ਹੁਣ ਗਰੈਪ-3 ਦੇ ਤਹਿਤ ਲਏ ਜਾਣਗੇ। ਜੀ.ਐਨ.ਸੀ.ਟੀ.ਡੀ ਜਨਤਕ, ਨਗਰ ਪਾਲਿਕਾ ਅਤੇ ਨਿੱਜੀ ਦਫ਼ਤਰਾਂ ਨੂੰ 50 ਫ਼ੀ ਸਦੀ ਕਰਮਚਾਰੀਆਂ ਦੇ ਨਾਲ ਅਤੇ ਬਾਕੀ ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਕਰਨ ਦੀ ਆਗਿਆ ਦੇਣ ’ਤੇ ਫ਼ੈਸਲੇ ਲੈਣ ਦੀ ਆਗਿਆ ਹੈ। ਕੇਂਦਰ ਸਰਕਾਰ ਦੇ ਦਫ਼ਤਰਾਂ ’ਚ ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਕਰਨ ਦੀ ਆਗਿਆ ਦੇਣ ’ਤੇ ਫ਼ੈਸਲਾ ਕਰ ਸਕਦੀ ਹੈ । ਦਿੱਲੀ ਐਨ.ਸੀ.ਆਰ. ’ਚ ਸ਼ਨੀਵਾਰ ਨੂੰ ਏਕਿਊਆਈ ਲੈਵਲ ਕਈ ਇਲਾਕਿਆਂ ’ਚ 400 ਤੋਂ ਪਾਰ ਪਹੁੰਚ ਗਿਆ ਹੈ, ਜੋ ਬਹੁਤ ਹੀ ਗੰਭੀਰ ਸਥਿਤੀ ਹੈ।