Baba Siddiqui ਹੱਤਿਆਕਾਂਡ ਦੇ ਆਰੋਪੀ ਦਾ ਨਵਾਂ ਵੀਡੀਓ ਜਾਰੀ
ਗੈਂਗਸਟਰ ਜੀਸ਼ਾਨ ਨੇ ਲਾਰੈਂਸ ਅਤੇ ਅਨਮੋਲ ਬਿਸ਼ਨੋਈ ਸਬੰਧੀ ਕੀਤਾ ਵੱਡਾ ਖੁਲਾਸਾ
ਨਵੀਂ ਦਿੱਲੀ : ਬਾਬਾ ਸਿਦੀਕੀ ਹੱਤਿਆਕਾਂਡ ’ਚ ਨਵਾਂ ਮੋੜ ਆਇਆ ਹੈ। ਆਰੋਪੀ ਗੈਂਗਸਟਰ ਜੀਸ਼ਨ ਖਤਰ ਨੇ ਇਕ ਹੋਰ ਵੀਡੀਓ ਜਾਰੀ ਕੀਤਾ ਹੈ। ਜਿਸ ’ਚ ਉਹ ਇਸ ਹਾਈ ਪ੍ਰੋਫਾਈਲ ਹੱਤਿਆ ਦੀ ਜ਼ਿੰਮੇਵਾਰੀ ਖੁਦ ਲੈਂਦਾ ਦਿਖਾਈ ਦੇ ਰਿਹਾ ਹੈ। ਵੀਡੀਓ ’ਚ ਜੀਸ਼ਾਨ ਸਾਫ ਸ਼ਬਦਾਂ ’ਚ ਕਹਿ ਰਿਹਾ ਹੈ ਕਿ ਬਾਬਾ ਸਿਦੀਕੀ ਨੂੰ ਉਸ ਨੇ ਹੀ ਮਰਵਾਇਆ ਸੀ । ਹੱਤਿਆ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ ਸੀ ਅਤੇ ਹੁਣ ਉਸ ਨੇ ਰੋਹਿਤ ਗੋਦਾਰਾ ਗੈਂਗ ਜੁਆਇੰਨ ਕਰ ਲਿਆ ਹੈ।
ਵੀਡੀਓ ’ਚ ਜੀਸ਼ਾਨ ਅਖ਼ਤਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਭਾਈ ਅਨਮੋਲ ਬਿਸ਼ਨੋਈ ਨੂੰ ਗੱਦਾਰ ਦੱਸ ਰਿਹਾ ਹੈ। ਉਸਦਾ ਦਾਅਵਾ ਹੈ ਕਿ ਲਾਰੈਂਸ ਅਤੇ ਅਨਮੋਲ ਨੇ ਹੀ ਉਸ ਨੂੰ ਹੱਤਿਆ ਦੇ ਲਈ ਇਸਤੇਮਾਲ ਕੀਤਾ ਅਤੇ ਬਾਅਦ ’ਚ ਉਸਦਾ ਵੀ ਗਲ਼ਾ ਕਟਾਉਣ ਦੀ ਸਾਜ਼ਿਸ਼ ’ਚ ਲੱਗੇ ਸਨ, ਜੀਸ਼ਾਨ ਅਨੁਸਾਰ ਉਹ ਕਿਸੇ ਤਰ੍ਹਾਂ ਇਸ ਸਾਜ਼ਿਸ਼ ਤੋਂ ਬਚ ਗਿਆ।
ਜੀਸ਼ਾਨ ਕਹਿੰਦਾ ਹੈ ਕਿ ਉਹ ਪਹਿਲਾਂ ਇਕ ਆਈ.ਪੀ.ਐਸ. ਅਧਿਕਾਰੀ ਬਣਨ ਦਾ ਸੁਪਨਾ ਦੇਖਦਾ ਸੀ, ਪਰ ਵਕਤ ਅਤੇ ਹਾਲਾਤ ਨੇ ਉਸ ਨੂੰ ਗੈਂਗਸਟਰ ਬਣਾ ਦਿੱਤਾ। ਉਹ ਵੀਡੀਓ ’ਚ ਖੁੱਲ੍ਹੇਆਮ ਧਮਕੀ ਦਿੰਦਾ ਹੈ ਕਿ ਉਹ ਅਤੇ ਰੋਹਿਤ ਗੋਦਾਰਾ ਮਿਲ ਕੇ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨੂੰ ਮਾਰ ਦੇਣਗੇ।
ਇਸ ਵੀਡੀਓ ’ਚ ਜੀਸ਼ਾਨ ਇਹ ਵੀ ਦਾਅਵਾ ਕਰਦਾ ਹੈ ਕਿ ਉਹ ਪਾਕਿਸਤਾਨ ਦੇ ਗੈਂਗਸਟਰ ਸ਼ਹਜਾਦ ਭੱਟੀ ਨਾਲ ਮਿਲ ਚੁੱਕਿਆ ਹੈ। ਉਸ ਦਾ ਕਹਿਣਾ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਦੇਸ਼ ਦੇ ਗੱਦਾਰਾਂ ਦੇ ਨਾਲ ਮਿਲੇ ਹੋਏ ਹਨ ਅਤੇ ਉਨ੍ਹਾਂ ਦਾ ਖ਼ਾਲਿਸਤਾਨੀ ਸੰਗਠਨਾਂ ਨਾਲ ਸਬੰਧ ਹੈ।