ਰੂਹਾਨੀ ਉਤਸ਼ਾਹ 'ਚ ਵੀ ਛਲਕਿਆ ਕਸ਼ਮੀਰੀ ਸਿੱਖਾਂ ਦਾ ਦਰਦ, ਕਸ਼ਮੀਰੀ ਪੰਡਤਾਂ ਨੂੰ ਐਸ.ਆਰ.ਓ–425 ਦੀ ਤਰਜ 'ਤੇ ਸਿੱਖ ਵੀ ਮੰਗ ਰਹੇ ਹੱਕ
g ਰੁਜ਼ਗਾਰ ਦੀ ਘਾਟ ਕਰ ਕੇ ਹਜ਼ਾਰਾਂ ਸਿੱਖ ਪਰਵਾਰ ਛੱਡ ਗਏ ਕਸ਼ਮੀਰ, ਨਾ ਗੁਰਮੁਖੀ ਲਾਗੂ, ਨਾ ਨੌਕਰੀਆਂ 'ਚ ਰਾਖਵਾਂਕਰਨ : ਗੁਰਮੀਤ ਸਿੰਘ ਬਾਲੀ
ਸ੍ਰੀਨਗਰ (ਸਤਵਿੰਦਰ ਸਿੰਘ ਧੜਾਕ) : ਨੌਂਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹਾਦਤ ਦਿਵਸ ਮੌਕੇ ਜਦੋਂ ਸ੍ਰੀਨਗਰ ’ਚ ਨਗਰ ਕੀਰਤਨ ਸਜਿਆ ਤੇ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ, ਤਾਂ ਸਿਰਫ਼ ਦੁਨੀਆਂ ਭਰ ਦੇ ਪੰਜਾਬੀਆਂ ਦਾ ਨਹੀਂ, ਸਗੋਂ ਸਮੁੱਚੀ ਲੋਕਾਈ ਦਾ ਧਿਆਨ ਇਕ ਵਾਰ ਜੰਮੂ–ਕਸ਼ਮੀਰ ’ਤੇ ਕੇਂਦ੍ਰਤ ਹੋ ਗਿਆ। ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ’ਚ ਕੀਰਤਨ ਦਰਬਾਰ ਦੌਰਾਨ ਕਸ਼ਮੀਰੀ ਸਿੱਖਾਂ ’ਚ ਭਾਵੇਂ ਵੱਡਾ ਰੂਹਾਨੀ ਉਤਸ਼ਾਹ ਸੀ ਪਰ ਸਮੇਂ ਦੀਆਂ ਸਰਕਾਰਾਂ ਵਿਰੁਧ ਉਨ੍ਹਾਂ ਅੰਦਰ ਦਰਦ ਨੇ ਵੀ ਛੱਲ ਮਾਰ ਹੀ ਦਿਤੀ।
‘ਰੋਜ਼ਾਨਾ ਸਪੋਕਸਮੈਨ’ ਦੀ ਟੀਮ ਨੇ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀਨਗਰ ਦੇ ਜਨਰਲ ਸਕਤਰ ਗੁਰਮੀਤ ਸਿੰਘ ਬਾਲੀ ਨੂੰ ਸਿੱਖਾਂ ਦੇ ਹਾਲਾਤ ਤੇ ਰੁਜ਼ਗਾਰ ਦੇ ਸਾਧਨਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਰੁਜ਼ਗਾਰ ਦੀ ਘਾਟ ਕਰ ਕੇ ਸਿੱਖ ਕਸ਼ਮੀਰ ਤੋਂ ਹਿਜਰਤ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਸਰਕਾਰ ਨੇ ਨਿਯਮ ਐੱਸ.ਆਰ.ਓ-425 ਤਹਿਤ ਕਸ਼ਮੀਰੀ ਪੰਡਤਾਂ ਨੂੰ ਤਾਂ ਰਾਖਵਾਂਕਰਨ ਦਿਤਾ ਹੋਇਆ ਹੈ ਪਰ ਸਿੱਖ ਉਸ ਤੋਂ ਬਾਹਰ ਹਨ। ਇਸੇ ਤਰ੍ਹਾਂ ਹੋਰਨਾਂ ਸਿੱਖਾਂ ਨੇ ਵੀ ਇਥੇ ਰੁਜ਼ਗਾਰ ਦੇ ਘੱਟ ਹੋਣ ਸਿੱਖਾਂ ਲਈ ਘੱਟ ਨੌਕਰੀਆਂ ਦੀ ਗੱਲ ਆਖੀ।
ਬਾਲੀ ਨੇ ਕਿਹਾ ਕਿ ਕਸ਼ਮੀਰੀ ਸਿੱਖ ਮੰਨਦੇ ਹਨ ਕਿ ਉਹ ਹੋਰ ਘੱਟ ਗਿਣਤੀ ਭਾਈਚਾਰਿਆਂ ਵਾਂਗ ਸਮਾਜਕ ਅਤੇ ਆਰਥਕ ਲਾਭਾਂ ਤੋਂ ਵਾਂਝੇ ਹਨ। ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਸ਼ਮੀਰ ਵਾਦੀ ਦਾ ਹਿੱਸਾ ਹਨ ਅਤੇ ਸਰਕਾਰੀ ਨੌਕਰੀਆਂ ਵਿਚ ਰਾਖਵੇਂਕਰਨ ਅਤੇ ਬਰਾਬਰ ਮੌਕੇ ਪ੍ਰਾਪਤ ਕਰਨ ਦਾ ਅਧਿਕਾਰ ਰੱਖਦੇ ਹਨ। ਉਹ ਇਸ ਨਿਯਮ ਦਾ ਵਿਰੋਧ ਕਰ ਰਹੇ ਹਨ ਅਤੇ ਐਸ.ਆਰ.ਓ 425 ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਕ ਸਵਾਲ ਦੇ ਜਵਾਬ ਵਿਚ ਬਾਲੀ ਨੇ ਕਿਹਾ ਕਿ ਸਿੱਖ ਹੁਣ ਅਜਿਹੇ ਵਿਤਕਰੇ ਨੂੰ ਖ਼ਤਮ ਕਰ ਕੇ ਨਿਆਂ ਦੀ ਮੰਗ ਕਰ ਰਹੇ ਹਨ ਤਾਂ ਜੋ ਉਹ ਵੀ ਸਥਾਨਕ ਰੁਜ਼ਗਾਰ ਲਾਭਾਂ ਤਕ ਪਹੁੰਚ ਕਰ ਸਕਣ ਅਤੇ ਘਾਟੀ ਵਿਚ ਇੱਕ ਸਨਮਾਨਜਨਕ ਜੀਵਨ ਬਤੀਤ ਕਰ ਸਕਣ।
10 ਅਕਤੂਬਰ, 2017 ਨੂੰ ਜੰਮੂ ਅਤੇ ਕਸ਼ਮੀਰ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਐਸ.ਆਰ.ਓ-425, ਕਸ਼ਮੀਰੀ ਪੰਡਤਾਂ ਨੂੰ ਘਾਟੀ ਵਿਚ ਰੁਜ਼ਗਾਰ ਅਤੇ ਮੁੜ–ਵਸੇਬੇ ਲਈ ਵਿਸ਼ੇਸ਼ ਰਾਖਵਾਂਕਰਨ ਅਤੇ ਲਾਭ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ। ਇਸ ਨਾਲ ਕਸ਼ਮੀਰੀ ਪੰਡਤ ਜੋ ਕਿ ਸਿੱਖਾਂ ਵਾਂਗ ਇਸ ਸੂਬੇ ਵਿਚ ਘੱਟ ਗਿਣਤੀ ਹਨ, ਦਾ ਜੀਵਨ ਪੱਧਰ ਸੁਧਰ ਗਿਆ ਪਰ ਸਿੱਖ ਅਪਣੇ ਆਪ ਨੂੰ ‘ਠੱਗੇ ਹੋਏ’ ਮਹਿਸੂਸ ਕਰਦੇ ਹਨ। ਸਿੱਖ ਭਾਈਚਾਰੇ ਦੇ ਲੋਕ ਜੋ ਘਾਟੀ ਦੇ ਸਥਾਈ ਨਿਵਾਸੀ ਵੀ ਹਨ ਅਤੇ ਪੰਜਾਬੀ ਬੋਲਦੇ ਹਨ, ਜਿਸ ਦੀ ਗੁਰਮੁਖੀ ਲਿਪੀ ਹੈ। ਸਿੱਖ ਭਾਈਚਾਰਾ ਮੰਗ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਗੁਰਮੁਖੀ ਲਿਪੀ ਅਤੇ ਉਨ੍ਹਾਂ ਦੀ ਸਮਾਜਕ ਪਛਾਣ ਨੂੰ ਨਜ਼ਰਅੰਦਾਜ਼ ਕਰ ਕੇ ਰਾਖਵੇਂਕਰਨ ਤੋਂ ਬਾਹਰ ਰਖਿਆ ਗਿਆ ਹੈ।
ਇਹੋ ਨਹੀਂ ਕਸ਼ਮੀਰੀ ਸਿੱਖ ਪਹਾੜੀ ਬੋਲਣ ਵਾਲੇ ਭਾਈਚਾਰੇ ਦਾ ਹਿੱਸਾ ਹੋਣ ਦਾ ਦਾਅਵਾ ਕਰਦੇ ਹਨ ਅਤੇ ਪੰਜਾਬੀ ਲਿਖਣ ਵਾਸਤੇ ਗੁਰਮੁਖੀ ਲਿਪੀ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਨਵੇਂ ਰਾਖਵਾਂਕਰਨ ਨਿਯਮਾਂ ਵਿੱਚ ਪਹਾੜੀ ਬੋਲਣ ਵਾਲੇ ਲੋਕਾਂ ਨੂੰ ਸਪੱਸ਼ਟ ਤੌਰ ’ਤੇ ਬਾਹਰ ਰਖਿਆ ਗਿਆ ਹੈ। ਗੁਰਮੀਤ ਬਾਲੀ ਨੇ ਦਸਿਆ ਕਿ ਸਰਕਾਰ ਦੇ ਇਨ੍ਹਾਂ ਫ਼ੈਸਲਿਆਂ ਕਰ ਕੇ ਭਾਈਚਾਰਾ ਹੋਰ ਹਾਸ਼ੀਏ ’ਤੇ ਚਲਾ ਗਿਆ। ਇਸ ਲਈ, ਉਹ ਰਿਜ਼ਰਵੇਸ਼ਨ ਨੀਤੀਆਂ ਅਤੇ ਸਮਾਜਕ ਭਲਾਈ ਉਪਾਵਾਂ ਦੇ ਤਹਿਤ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਕਾਨੂੰਨੀ ਕਾਰਵਾਈ ਅਤੇ ਰਾਜਨੀਤਕ ਮਾਨਤਾ ਦੀ ਮੰਗ ਕਰ ਰਹੇ ਹਨ। ਇਹੀ ਨਹੀਂ ਭਾਈਚਾਰਾ ਰਾਜਨੀਤਿਕ ਤੌਰ ’ਤੇ ਵੀ ਅਪਣੇ ਆਪ ਨੂੰ ਹਾਸ਼ੀਏ ’ਤੇ ਮਹਿਸੂਸ ਕਰਦਾ ਹੈ ਅਤੇ ਡਰਦਾ ਹੈ ਕਿ ਅਜਿਹੀਆਂ ਬੇਦਖਲੀ ਨੀਤੀਆਂ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕਿਆਂ ਲਈ ਕਸ਼ਮੀਰ ਛੱਡਣ ਲਈ ਮਜਬੂਰ ਹਨ।