ਵਿਨੈ ਕੁਮਾਰ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਿਯੁਕਤ
ਸੂਬੇ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਦੀ ਥਾਂ ਲੈਣਗੇ
ਸ਼ਿਮਲਾ: ਕਾਂਗਰਸ ਨੇ ਵਿਨੈ ਕੁਮਾਰ ਨੂੰ ਹਿਮਾਚਲ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਉਹ ਸੂਬੇ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਦੀ ਥਾਂ ਲੈਣਗੇ। ਸੂਬਾ ਪ੍ਰਧਾਨ ਬਣਨ ਤੋਂ ਕੁੱਝ ਦੇਰ ਪਹਿਲਾਂ ਹੀ ਵਿਨੈ ਕੁਮਾਰ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਉਪ ਸਪੀਕਰ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਉਨ੍ਹਾਂ ਵਿਧਾਨ ਸਭਾ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੂੰ ਅਪਣਾ ਅਸਤੀਫ਼ਾ ਸੌਂਪਿਆ। ਵਿਨੈ ਕੁਮਾਰ ਸਿਰਮੌਰ ਜ਼ਿਲ੍ਹੇ ਦੇ ਸ਼੍ਰੀਰੇਣੂਕਾ ਜੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਉਨ੍ਹਾਂ ਨੇ ਪਾਰਟੀ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਕੁੱਝ ਦਿਨ ਪਹਿਲਾਂ ਮੁਲਾਕਾਤ ਵੀ ਕੀਤੀ ਸੀ। ਖੜਗੇ ਵੀ ਚਾਹੁੰਦੇ ਸਨ ਕਿ ਐਸ.ਸੀ. ਭਾਈਚਾਰੇ ’ਚੋਂ ਕਿਸੇ ਨੂੰ ਸੂਬਾ ਪਾਰਟੀ ਪ੍ਰਧਾਨ ਬਣਾਇਆ ਜਾਵੇ। ਵਿਨੈ ਕੁਮਾਰ ਦੀ ਨਿਯੁਕਤ ਮਗਰੋਂ ਹੁਣ ਮੰਤਰੀ ਮੰਡਲ ਦੇ ਵਿਸਤਾਰ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ, ਜਿਸ ਵਿਚ ਅਜੇ ਇਕ ਅਹੁਦਾ ਖ਼ਾਲੀ ਹੈ।