ਜਲਿਆਂਵਾਲਾ ਕਾਂਡ : ਬ੍ਰਿਟਿਸ਼ ਸਰਕਾਰ 'ਤੇ ਮਾਫ਼ੀ ਮੰਗਣ ਲਈ ਦਬਾਅ ਪਾਏ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਵਿਚ ਅੱਜ ਜਲਿਆਂ ਵਾਲਾ ਬਾਗ਼ ਕਾਂਡ ਦਾ ਮੁੱਦਾ ਚੁਕਿਆ ਗਿਆ ਕਿ ਸੌ ਸਾਲ ਪੂਰੇ ਹੋਣ ਮੌਕੇ ਕੇਂਦਰ ਨੂੰ ਬ੍ਰਿਟੇਨ ਦੀ ਸਰਕਾਰ 'ਤੇ ਇਸ ਕਤਲੇਆਮ ਲਈ ਮਾਫ਼ੀ ਮੰਗਣ.......

Prem Singh Chandumajra

ਨਵੀਂ ਦਿੱਲੀ  : ਲੋਕ ਸਭਾ ਵਿਚ ਅੱਜ ਜਲਿਆਂ ਵਾਲਾ ਬਾਗ਼ ਕਾਂਡ ਦਾ ਮੁੱਦਾ ਚੁਕਿਆ ਗਿਆ ਕਿ ਸੌ ਸਾਲ ਪੂਰੇ ਹੋਣ ਮੌਕੇ ਕੇਂਦਰ ਨੂੰ ਬ੍ਰਿਟੇਨ ਦੀ ਸਰਕਾਰ 'ਤੇ ਇਸ ਕਤਲੇਆਮ ਲਈ ਮਾਫ਼ੀ ਮੰਗਣ ਦਾ ਦਬਾਅ ਪਾਉਣਾ ਚਾਹੀਦਾ ਹੈ। ਸਿਫ਼ਰ ਕਾਲ ਵਿਚ ਇਸ ਵਿਸ਼ੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਗਲੇ ਸਾਲ ਜਲਿਆਂਵਾਲਾ ਕਤਲੇਆਮ ਦੇ ਸੌ ਸਾਲ ਪੂਰੇ ਹੋ ਰਹੇ ਹਨ। ਇਸ ਮੌਕੇ ਭਾਰਤ ਸਰਕਾਰ ਨੂੰ ਬ੍ਰਿਟਿਸ਼ ਸਰਕਾਰ 'ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਉਹ ਇਸ ਕਾਂਡ ਲਈ ਭਾਰਤ ਸਰਕਾਰ ਤੋਂ ਮਾਫ਼ੀ ਮੰਗੇ।

ਜ਼ਿਕਰਯੋਗ ਹੈ ਕਿ ਅੰਗਰੇਜ਼ ਜਨਰਲ ਰੇਗੀਨਾਲਡ ਡਾਇਰ ਦੀ ਅਗਵਾਈ ਵਿਚ 13 ਅਪ੍ਰੈਲ 1919 ਨੂੰ ਬ੍ਰਿਟਿਸ਼ ਫ਼ੌਜ ਨੇ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿਚ ਔਰਤਾਂ, ਬੱਚੇ ਅਤੇ ਬਜ਼ੁਰਗਾਂ ਸਣੇ ਸੈਂਕੜੇ ਨਿਰਦੋਸ਼ ਭਾਰਤੀਆਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਸਿਫ਼ਰ ਕਾਲ ਵਿਚ ਹੀ ਭਾਜਪਾ ਦੇ ਪ੍ਰਹਲਾਦ ਜੋਸ਼ੀ ਨੇ ਕਰਨਾਟਕ ਦੇ ਹਸਨ ਇਲਾਕੇ ਵਿਚ ਪੁਲਿਸ ਦੇ ਛਾਪੇ ਵਿਚ 52 ਬੰਧੂਆ ਮਜ਼ਦੂਰਾਂ ਨੂੰ ਬੰਧਕ ਬਣਾ ਕੇ ਰੱਖਣ ਦਾ ਪ੍ਰਗਟਾਵਾ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਮਜ਼ਦੂਰਾਂ ਵਿਚ 16 ਔਰਤਾਂ ਵੀ ਸਨ ਅਤੇ ਇਨ੍ਹਾਂ ਸਾਰਿਆਂ ਨੂੰ ਅਣਮਨੁੱਖੀ ਢੰਗ ਨਾਲ ਰਖਿਆ ਸੀ।

ਉਨ੍ਹਾਂ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਇਸ ਤਰ੍ਹਾਂ ਦੀ ਘਟਨਾ ਚਿੰਤਾਜਨਕ ਹੈ। ਉਨ੍ਹਾਂ ਰਾਜ ਸਰਕਾਰ 'ਤੇ ਇਸ ਸਬੰਧੀ ਨਿਰਪੱਖ ਹੋਣ ਦਾ ਦੋਸ਼ ਲਾਇਆ ਤੇ ਕੇਂਦਰ ਸਰਕਾਰ ਤੋਂ ਕੇਂਦਰੀ ਦਲ ਭੇਜ ਕੇ ਜਾਂਚ ਕਰਾਉਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਕਰਨਾਟਕ ਦੇ ਹਸਨ ਇਲਾਕੇ ਵਿਚ ਇਕ ਸ਼ੈੱਡ ਵਿਚ ਪੁਲਿਸ ਨੇ ਐਤਵਾਰ ਨੂੰ ਛਾਪਾ ਮਾਰਿਆ

ਜਿਥੇ ਅਣਮਨੁੱਖੀ ਹਾਲਤ ਵਿਚ 52 ਬੰਧੂਆ ਮਜ਼ਦੂਰ ਮਿਲੇ ਜਿਨ੍ਹਾਂ ਨੂੰ ਕਈ ਮਹੀਨਿਆਂ ਤੋਂ ਬੰਧਕ ਬਣਾ ਕੇ ਰਖਿਆ ਗਿਆ ਸੀ। ਸ਼ਿਵਸੈਨਾ ਦੇ ਰਾਹੁਲ ਛੋਵਾਲੇ ਨੇ ਸਿਫ਼ਰ ਕਾਲ ਵਿਚ ਮਹਾਂਰਾਸ਼ਟਰ  ਵਿਚ ਧਨਗਰ ਭਾਈਚਾਰੇ ਨੂੰ ਰਾਖਵਾਂਕਰਨ ਦੇਣ ਦੀ ਮੰਗ ਕੀਤੀ। ਤ੍ਰਿਣਮੂਲ ਕਾਂਗਰਸ ਦੇ ਦਿਨੇਸ਼ ਤ੍ਰਿਵੇਦੀ ਨੇ ਜੀ.ਐਸ.ਟੀ. ਲਾਗੂ ਹੋਣ ਨਾਲ ਐਮ.ਐਸ.ਐਮ.ਈ. ਖੇਤਰ 'ਤੇ ਪੈਣ ਵਾਲੇ ਅਸਰ 'ਤੇ ਅਪਣੀ ਟਿਪਣੀ ਕੀਤੀ। (ਪੀਟੀਆਈ)