ਕੰਟੇਨਰ ਨਾਲ ਹੋਈ ਟੱਕਰ ਕਾਰਨ ਕਾਰ ਨੂੰ ਲੱਗੀ ਅੱਗ, ਜਿੰਦਾ ਝੁਲਸਣ ਕਾਰਨ ਪੰਜ ਲੋਕਾਂ ਦੀ ਮੌਤ
ਉੱਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਲਖਨਊ - ਉੱਤਰ ਪ੍ਰਦੇਸ਼ ਦੇ ਆਗਰਾ 'ਚ ਅੱਜ ਸਵੇਰੇ ਵਾਪਰੇ ਇਕ ਰੂਹ ਕੰਬਾਊ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਜਿੰਦਾ ਝੁਲਸਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇੱਥੋਂ ਦੇ ਯਮੁਨਾ ਐਕਸਪ੍ਰੈੱਸਵੇਅ 'ਤੇ ਇਕ ਕਾਰ ਕੰਟੇਨਰ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਕਾਰ 'ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕਾਰ ਸਵਾਰ ਪੰਜ ਵਿਅਕਤੀਆਂ ਦੀ ਜਿੰਦਾ ਝੁਲਸਣ ਕਾਰਨ ਮੌਤ ਹੋ ਗਈ। ਟੱਕਰ ਤੋਂ ਬਾਅਦ ਕੰਟੇਨਰ 'ਚ ਵੀ ਅੱਗ ਲੱਗ ਗਈ।
ਉੱਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦਰਅਸਲ ਲਖਨਊ ਦੇ ਪੰਜ ਲੋਕ ਕਾਰ ਨੰਬਰ ਯੂ.ਪੀ.-32 ਕੇ.ਡਬਲਯੂ. 6788 ਵਿਚ ਸਵਾਰ ਹੋ ਕੇ ਦਿੱਲੀ ਜਾ ਰਹੇ ਸਨ। ਕਾਰ ਆਗਰਾ ਦੇ ਖੰਦੌਲੀ ਖੇਤਰ ਵਿਚ ਯਮੁਨਾ ਐਕਸਪ੍ਰੈਸ ਵੇਅ ’ਤੇ ਪਹੁੰਚੀ। ਅਚਾਨਕ ਉਲਟੀ ਦਿਸ਼ਾ ਤੋਂ ਆ ਰਹੇ ਇੱਕ ਕੰਟੇਨਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਿਸੇ ਨੂੰ ਸੰਭਲਨ ਦਾ ਮੌਕਾ ਨਹੀਂ ਮਿਲਿਆ ਤੇ ਜਦੋਂ ਟੱਕਰ ਹੋਈ ਨਾਲ ਹੀ ਕਾਰ ਨੂੰ ਅੱਗ ਲੱਗ ਗਈ ਤੇ ਕਾਰ ਦੇ ਅੰਦਰ ਬੈਠੇ ਸਾਰੇ ਲੋਕ ਜਿੰਦਾ ਸੜ ਗਏ।
ਮੌਕੇ ’ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ 'ਤੇ ਪਹੁੰਚੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਰ ਕੋਈ ਕਾਰ ਦੇ ਅੰਦਰ ਬੁਰੀ ਤਰ੍ਹਾਂ ਸੜ ਗਿਆ। ਹਾਦਸਾ ਇੰਨਾ ਦਰਦਨਾਕ ਸੀ ਕਿ ਕਾਰ ਅੰਦਰ ਸਵਾਰ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਅੱਗ ਲੱਗਣ ਕਾਰਨ ਆਸ ਪਾਸ ਦੇ ਲੋਕਾਂ ਕੋਲ ਕਾਰ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਸੀ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਅਤੇ ਫਾਇਰ ਬ੍ਰਿਗੇਡ ਵੀ ਦੇਰ ਨਾਲ ਪਹੁੰਚੇ। ਲੋਕਾਂ ਨੇ ਕਾਰ ਦੇ ਅੰਦਰੋਂ ਮਦਦ ਦੀ ਦੁਹਾਈ ਦਿੱਤੀ ਪਰ ਮਦਦ ਨਹੀਂ ਮਿਲੀ।