ਕੈਂਸਰ, ਸ਼ੂਗਰ ਸਮੇਤ ਕਈ ਬਿਮਾਰੀਆਂ ਦੀਆਂ ਦਵਾਈਆਂ ਦੀਆਂ ਕੀਮਤਾਂ ਵਿਚ ਕਟੌਤੀ, ਜਾਣੋ ਨਵੇਂ ਰੇਟ
ਬੁਖਾਰ 'ਚ ਵਰਤੀ ਜਾਣ ਵਾਲੀ ਪੈਰਾਸੀਟਾਮੋਲ ਦੀ ਕੀਮਤ 'ਚ ਹੁਣ 12 ਫੀਸਦੀ ਦੀ ਕਮੀ ਆਈ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕੈਂਸਰ, ਸ਼ੂਗਰ, ਬੁਖਾਰ ਅਤੇ ਹੈਪੇਟਾਈਟਸ ਸਮੇਤ ਕਈ ਗੰਭੀਰ ਬਿਮਾਰੀਆਂ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ ਰੇਟਾਂ ਵਿਚ 40 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ।
ਅਜਿਹਾ ਸਰਕਾਰ ਦੀ ਜ਼ਰੂਰੀ ਦਵਾਈਆਂ ਦੀ ਸੂਚੀ (ਐਨਐਲਈਐਮ) ਵਿਚ ਸ਼ਾਮਲ 119 ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ਤੈਅ ਕਰਨ ਕਾਰਨ ਹੋਇਆ ਹੈ। ਸਰਕਾਰ ਦਾ ਆਉਣ ਵਾਲੇ ਸਮੇਂ ਵਿਚ ਐਨਐਲਈਐਮ ਵਿਚ ਸ਼ਾਮਲ ਕੁਝ ਹੋਰ ਦਵਾਈਆਂ ਦੀਆਂ ਵੱਧ ਤੋਂ ਵੱਧ ਕੀਮਤਾਂ ਤੈਅ ਕਰਨ ਦਾ ਇਰਾਦਾ ਹੈ। ਬੁਖਾਰ 'ਚ ਵਰਤੀ ਜਾਣ ਵਾਲੀ ਪੈਰਾਸੀਟਾਮੋਲ ਦੀ ਕੀਮਤ 'ਚ ਹੁਣ 12 ਫੀਸਦੀ ਦੀ ਕਮੀ ਆਈ ਹੈ।
ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਦੀ ਮੀਟਿੰਗ ਵਿਚ ਇਸ ਸੂਚੀ ਵਿਚ ਸ਼ਾਮਲ 119 ਕਿਸਮਾਂ ਦੇ ਫਾਰਮੂਲੇ ਲਈ ਪ੍ਰਤੀ ਗੋਲੀ-ਕੈਪਸੂਲ ਦੀ ਵੱਧ ਤੋਂ ਵੱਧ ਕੀਮਤ ਤੈਅ ਕੀਤੀ ਗਈ ਹੈ। ਮੁੱਖ ਦਵਾਈਆਂ ਜਿਨ੍ਹਾਂ ਦੀਆਂ ਕੀਮਤਾਂ ਵਿਚ ਕਮੀ ਆਈ ਹੈ, ਉਹਨਾਂ ਵਿਚ ਬੁਖਾਰ ਦੀ ਦਵਾਈ ਪੈਰਾਸੀਟਾਮੋਲ, ਹਾਈਡ੍ਰੋਕਸਾਈਕਲੋਰੋਕਿਨ, ਮਲੇਰੀਆ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਦਵਾਈ ਸ਼ਾਮਲ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ ਜਾਰੀ ਕੀਤੀ ਹੈ। ਇਹ ਸੂਚੀ ਇਸ ਸਾਲ ਸਤੰਬਰ ਵਿਚ ਜਾਰੀ ਕੀਤੀ ਗਈ ਸੀ। ਇਸ ਸੂਚੀ ਵਿਚ 27 ਸ਼੍ਰੇਣੀਆਂ ਵਿਚ 384 ਦਵਾਈਆਂ ਸ਼ਾਮਲ ਹਨ। ਸੂਚੀ ਵਿਚ 34 ਨਵੀਆਂ ਦਵਾਈਆਂ ਸ਼ਾਮਲ ਕੀਤੀਆਂ ਗਈਆਂ, ਜਦਕਿ 26 ਦਵਾਈਆਂ ਨੂੰ ਵੀ ਹਟਾ ਦਿੱਤਾ ਗਿਆ। ਕਈ ਐਂਟੀ-ਕਾਰਸੀਨੋਜਨਿਕ ਦਵਾਈਆਂ, ਐਂਟੀਬਾਇਓਟਿਕਸ, ਵੈਕਸੀਨ, ਸਿਗਰਟ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਨਿਕੋਟੀਨ ਰਿਪਲੇਸਮੈਂਟ ਥੈਰੇਪੀ ਸਮੇਤ ਕਈ ਜ਼ਰੂਰੀ ਦਵਾਈਆਂ ਇਸ ਸੂਚੀ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਸੰਕਰਮਣ ਨੂੰ ਰੋਕਣ ਲਈ ਵਰਤੀਆਂ ਜਾਣ ਵਾਲੀਆਂ 18 ਦਵਾਈਆਂ ਨੂੰ ਵੀ ਸਤੰਬਰ ਵਿਚ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ।