ਤਿਹਾੜ ਜੇਲ੍ਹ ਦੇ ਸਾਬਕਾ DG ਸੰਦੀਪ ਗੋਇਲ ਮੁਅੱਤਲ
200 ਕਰੋੜ ਰੁਪਏ ਦੀ ਠੱਗੀ ਦੇ ਦੋਸ਼ਾਂ 'ਚ ਜੇਲ੍ਹ ਅੰਦਰ ਬੰਦ ਸੁਕੇਸ਼ ਚੰਦਰਸ਼ੇਖਰ ਨੇ ਲਗਾਏ ਸਨ ਗੰਭੀਰ ਇਲਜ਼ਾਮ
ਨਵੀਂ ਦਿੱਲੀ : ਤਿਹਾੜ ਜੇਲ੍ਹ ਦੇ ਸਾਬਕਾ ਡੀਜੀ ਸੰਦੀਪ ਗੋਇਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੰਦੀਪ ਗੋਇਲ ਇਸ ਸਮੇਂ ਦਿੱਲੀ ਪੁਲਿਸ ਵਿੱਚ ਵਿਸ਼ੇਸ਼ ਕਮਿਸ਼ਨਰ ਹਨ। ਮਨੀ ਲਾਂਡਰਿੰਗ ਮਾਮਲੇ 'ਚ ਤਿਹਾੜ 'ਚ ਬੰਦ ਸੁਕੇਸ਼ ਚੰਦਰਸ਼ੇਖਰ ਨੇ ਸੰਦੀਪ ਗੋਇਲ 'ਤੇ ਗੰਭੀਰ ਇਲਜ਼ਾਮ ਲਗਾਏ ਸਨ। ਇੰਨਾ ਹੀ ਨਹੀਂ ਸੰਦੀਪ ਗੋਇਲ ਦੇ ਜੇਲ੍ਹ ਡੀਜੀ ਰਹਿੰਦਿਆਂ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ 'ਤੇ ਜੇਲ੍ਹ 'ਚ ਮਸਾਜ ਕਰਵਾਉਣ ਦੇ ਦੋਸ਼ ਵੀ ਲੱਗੇ ਸਨ।
ਹਾਲ ਹੀ 'ਚ ਸੁਕੇਸ਼ ਚੰਦਰਸ਼ੇਖਰ ਨੇ ਐੱਲ.ਜੀ. ਵਿਨੈ ਸਕਸੈਨਾ ਨੂੰ ਚਿੱਠੀ ਲਿਖ ਕੇ ਸੰਦੀਪ ਗੋਇਲ 'ਤੇ ਕਰੋੜਾਂ ਰੁਪਏ ਦੀ ਰਿਸ਼ਵਤ ਦੇਣ ਦਾ ਦੋਸ਼ ਲਗਾਇਆ ਸੀ। LG ਨੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਸੀ। ਕਮੇਟੀ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਐੱਲ.ਜੀ. ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਸੰਦੀਪ ਗੋਇਲ ਨੂੰ ਮੁਅੱਤਲ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਸੰਦੀਪ ਗੋਇਲ ਖਿਲਾਫ ਸ਼ਿਕਾਇਤਾਂ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਤਿਹਾੜ ਜੇਲ੍ਹ ਤੋਂ ਹਟਾ ਦਿੱਤਾ ਸੀ। ਸੰਦੀਪ ਗੋਇਲ ਨੂੰ ਹਟਾਉਣ ਪਿੱਛੇ ਦੋ ਲੋਕ ਹਨ, ਜੋ ਜੇਲ੍ਹ ਵਿੱਚ ਬੰਦ ਹਨ। ਪਹਿਲਾ ਨਾਂ ਦੇਸ਼ ਦੇ ਸਭ ਤੋਂ ਵੱਡੇ ਠੱਗ ਸੁਕੇਸ਼ ਚੰਦਰਸ਼ੇਖਰ ਦਾ ਹੈ। ਜਿਸ ਨੇ ਇੱਕ ਸਾਲ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਅਤੇ ਜੇਲ੍ਹ ਵਿੱਚ ਹਰ ਐਸ਼ੋ-ਆਰਾਮ ਹਾਸਲ ਕੀਤਾ ਅਤੇ ਦੂਜਾ ਨਾਂ ਦਿੱਲੀ ਸਰਕਾਰ ਦੇ ਜੇਲ੍ਹ ਮੰਤਰੀ ਸਤੇਂਦਰ ਜੈਨ ਦਾ ਹੈ, ਜੋ ਖੁਦ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ।
ਡੀਜੀ ਸੰਦੀਪ ਗੋਇਲ 'ਤੇ ਦੋਸ਼ ਸੀ ਕਿ ਉਨ੍ਹਾਂ ਦੀ ਨਿਗਰਾਨੀ 'ਚ ਠੱਗ ਸੁਕੇਸ਼ ਚੰਦਰਸ਼ੇਖਰ ਤਿਹਾੜ ਜੇਲ੍ਹ 'ਚ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਦੂਜੇ ਪਾਸੇ ਸੁਕੇਸ਼ ਚੰਦਰਸ਼ੇਖਰ ਦੀ ਮਦਦ ਕਰਨ ਵਾਲੇ 81 ਤੋਂ ਵੱਧ ਜੇਲ੍ਹ ਅਧਿਕਾਰੀ ਦਿੱਲੀ ਪੁਲਿਸ ਦੀ ਜਾਂਚ ਦੇ ਘੇਰੇ ਵਿੱਚ ਹਨ। ਇਹ ਵੀ ਦੋਸ਼ ਹੈ ਕਿ ਸੁਕੇਸ਼ ਉਨ੍ਹਾਂ ਨੂੰ ਰਿਸ਼ਵਤ ਦੇ ਰਿਹਾ ਸੀ। ਇਸ ਦੇ ਨਾਲ ਹੀ ਮਹਿਲਾ ਹਸਤੀਆਂ ਨੂੰ ਵੀ ਜੇਲ੍ਹ ਦੇ ਅੰਦਰ ਸੁਕੇਸ਼ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਲਈ ਕਿਸੇ ਦੀ ਵੀ ਇਜਾਜ਼ਤ ਨਹੀਂ ਲਈ ਜਾ ਰਹੀ ਸੀ।
ਇਲਜ਼ਾਮ ਹਨ ਕਿ ਸੁਕੇਸ਼ ਚੰਦਰਸ਼ੇਖਰ ਨੇ ਇਕ ਕਰੋੜ ਰੁਪਏ ਮਹੀਨਾ ਦੇ ਕੇ ਜੇਲ੍ਹ ਦੇ ਅੰਦਰ ਦਾ ਸਾਰਾ ਸਟਾਫ਼ ਅਤੇ ਜੇਲ੍ਹਰ ਨੂੰ ਆਪਣੀ ਸੇਵਾ ਵਿਚ ਲਗਾਇਆ ਹੋਇਆ ਸੀ। ਉਹ 12 ਮਹੀਨਿਆਂ ਤੋਂ ਰੋਹਿਣੀ ਜੇਲ੍ਹ ਵਿੱਚ ਬੰਦ ਸੀ ਅਤੇ ਉਦੋਂ ਤੱਕ ਉਹ ਜੇਲ੍ਹ ਨੂੰ 12 ਕਰੋੜ ਰੁਪਏ ਰਿਸ਼ਵਤ ਦੇ ਚੁੱਕਾ ਸੀ। ਇਸ ਸਾਰੀ ਖੇਡ ਵਿੱਚ ਰੋਹਿਣੀ ਜੇਲ੍ਹ ਦੇ 82 ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ।