ਕਰਨਾਟਕ ਦੇ ਮੁੱਖ ਮੰਤਰੀ ਦਾ ਨਿੱਜੀ ਜਹਾਜ਼ ’ਚ ਸਫਰ ਕਰਨ ਦਾ ਵੀਡੀਉ ਵਾਇਰਲ, ਭਾਜਪਾ ਨੇ ਕੀਤੀ ਆਲੋਚਨਾ
ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਨਰਿੰਦਰ ਮੋਦੀ ਕਿਵੇਂ ਯਾਤਰਾ ਕਰਦੇ ਹਨ : ਸਿਧਾਰਮਈਆ
ਬੈਂਗਲੁਰੂ: ਕਰਨਾਟਕ ’ਚ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੁੱਖ ਮੰਤਰੀ ਸਿਧਾਰਮਈਆ ਅਤੇ ਉਨ੍ਹਾਂ ਦੇ ਕੈਬਨਿਟ ਦੇ ਸਹਿਯੋਗੀ ਬੀ.ਜੈੱਡ. ਜ਼ਮੀਰ ਅਹਿਮਦ ਖਾਨ ਅਤੇ ਕ੍ਰਿਸ਼ਨਾ ਬੀ. ਗੌੜਾ ਦਾ ਇਕ ਨਿੱਜੀ ਜਹਾਜ਼ ’ਚ ਸਵਾਰ ਹੋਣ ਦਾ ਕਥਿਤ ਵੀਡੀਉ ਵਾਇਰਲ ਹੋਣ ਤੋਂ ਬਾਅਦ ਸ਼ੁਕਰਵਾਰ ਨੂੰ ‘ਆਲੀਸ਼ਾਨ ਅਤੇ ਵਿਲਾਸਤਾਪੂਰਨ ਜੀਵਨਸ਼ੈਲੀ ਦਾ ਦਿਖਾਵਾ’ ਕਰਨ ਲਈ ਕਾਂਗਰਸ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ।
ਇਸ ’ਤੇ ਮੁੱਖ ਮੰਤਰੀ ਨੇ ਵੀ ਜਵਾਬੀ ਹਮਲਾ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਡਾਣ ਪਹਿਲ ’ਤੇ ਸਵਾਲ ਚੁੱਕੇ। ਵੀਡੀਉ ’ਚ ਸਿੱਧਾਰਮਈਆ ਹਾਊਸਿੰਗ ਮੰਤਰੀ ਖਾਨ ਅਤੇ ਮਾਲ ਮੰਤਰੀ ਕ੍ਰਿਸ਼ਨਾ ਬਾਈਰੇ ਗੌੜਾ ਸਮੇਤ ਹੋਰਾਂ ਨਾਲ ਨਜ਼ਰ ਆ ਰਹੇ ਹਨ। ਵੀਡੀਉ ’ਚ ਖਾਨ ਨੂੰ ਜਹਾਜ਼ ਦੇ ਅੰਦਰ ਘੁੰਮਦੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਬਾਲੀਵੁੱਡ ਦਾ ਇਕ ਮਸ਼ਹੂਰ ਗੀਤ ਵੀ ਸੁਣਿਆ ਜਾ ਰਿਹਾ ਹੈ।
ਭਾਜਪਾ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਬੀ.ਵਾਈ. ਵਿਜੇਂਦਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ‘ਜੇਕਰ ਅਸਹਿਣਸ਼ੀਲਤਾ ਦਾ ਚਿਹਰਾ ਹੁੰਦਾ ਤਾਂ ਕਰਨਾਟਕ ਸਰਕਾਰ ਸਭ ਤੋਂ ਅੱਗੇ ਹੁੰਦੀ।’ ਉਨ੍ਹਾਂ ਕਿਹਾ, ‘‘ਪੂਰਾ ਕਰਨਾਟਕ ਗੰਭੀਰ ਸੋਕੇ ਦੀ ਲਪੇਟ ’ਚ ਹੈ, ਫਸਲਾਂ ਦੇ ਨੁਕਸਾਨ ਅਤੇ ਮੀਂਹ ਨਾ ਪੈਣ ਅਤੇ ਸ਼ਾਇਦ ਹੀ ਕੋਈ ਵਿਕਾਸ ਕਾਰਜ ਹੋਣ ਕਾਰਨ ਕਿਸਾਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਫਿਰ ਵੀ, ਕਰਨਾਟਕ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀ ਅਪਣੀ ਅਮੀਰ ਅਤੇ ਆਲੀਸ਼ਾਨ ਜੀਵਨਸ਼ੈਲੀ ਦਾ ਦਿਖਾਵਾ ਕਰਨ ਬਾਰੇ ਸੋਚ ਸਕਦੇ ਹਨ...।’’ ਵਿਜੇਂਦਰ ਨੇ ਕਿਹਾ, ‘‘ਉਹ ਸੋਕਾ ਰਾਹਤ ਕਾਰਜਾਂ ਲਈ ਫੰਡ ਪ੍ਰਾਪਤ ਕਰਨ ਲਈ ਇਸ ਮਹਿੰਗੇ ਜਹਾਜ਼ ’ਚ ਸਫ਼ਰ ਕਰ ਰਹੇ ਹਨ! ਇਹ ਸਾਡੇ ਸੰਕਟ ਦਾ ਕੋਝਾ ਮਜ਼ਾਕ ਹੈ। ਕਾਂਗਰਸ ਦੇ ਮੰਤਰੀਆਂ ਲਈ ਟੈਕਸਦਾਤਾਵਾਂ ਦਾ ਪੈਸਾ ਲੁੱਟਣਾ ਬਹੁਤ ਆਸਾਨ ਹੈ।’’
ਵਿਜੇਂਦਰ ਦੀ ਇਸ ਪੋਸਟ ਬਾਰੇ ਪੁੱਛੇ ਜਾਣ ’ਤੇ ਸਿਧਾਰਮਈਆ ਨੇ ਕਿਹਾ, ‘‘ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਨਰਿੰਦਰ ਮੋਦੀ ਕਿਵੇਂ ਯਾਤਰਾ ਕਰਦੇ ਹਨ। ਕਿਰਪਾ ਕਰ ਕੇ ਭਾਜਪਾ ਦੇ ਲੋਕਾਂ ਨੂੰ ਇਹ ਸਵਾਲ ਪੁੱਛੋ। ਨਰਿੰਦਰ ਮੋਦੀ ਕਿਸ ਜਹਾਜ਼ ’ਚ ਸਫਰ ਕਰਦੇ ਹਨ, ਉਹ ਇਕੱਲੇ ਸਫਰ ਕਰਦੇ ਹਨ। ਉਹ ਇਕੱਲੇ ਕਿਉਂ ਸਫ਼ਰ ਕਰਦੇ ਹਨ, ਭਾਜਪਾ ਨੇਤਾ ਬੇਲੋੜਾ ਜਿਹਾ ਹੀ ਬੋਲਣਗੇ।’’
ਇਸ ਤੋਂ ਬਾਅਦ ਮੁੱਖ ਮੰਤਰੀ ਨੇ ‘ਐਕਸ’ ਦਾ ਸਹਾਰਾ ਲਿਆ ਅਤੇ ਭਾਜਪਾ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਖੁਦ 74 ਵਿਦੇਸ਼ ਯਾਤਰਾਵਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸੈਂਕੜੇ ਕਰੋੜ ਰੁਪਏ ਖਰਚ ਕੀਤੇ, ਜਿਨ੍ਹਾਂ ਨੇ ‘ਆਪਰੇਸ਼ਨ ਲੋਟਸ’ ਰਾਹੀਂ ਗੱਠਜੋੜ ਸਰਕਾਰ (ਕਾਂਗਰਸ ਅਤੇ ਜੇ.ਡੀ.ਐਸ.) ਨੂੰ ਉਖਾੜ ਸੁੱਟਿਆ, ਵਿਧਾਇਕਾਂ ਨੂੰ ਦਿੱਲੀ ਅਤੇ ਮੁੰਬਈ ਦੇ ਆਲੇ-ਦੁਆਲੇ ਇਕ ਵਿਸ਼ੇਸ਼ ਜਹਾਜ਼ ਵਿਚ ਲਿਜਾਇਆ, ਉਨ੍ਹਾਂ ਨੂੰ ਹਫਤਿਆਂ ਤਕ ਆਲੀਸ਼ਾਨ ਹੋਟਲਾਂ ਵਿਚ ਠਹਿਰਾਇਆ ਅਤੇ ਐਸ਼ ਕਰਵਾਈ। ਇਹ ਪੈਸਾ ਭਾਜਪਾ ਨੇਤਾਵਾਂ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਪ੍ਰਾਜੈਕਟ ਵਿਚ ਮਜ਼ਦੂਰਾਂ ਵਜੋਂ ਕੰਮ ਕਰ ਨਹੀਂ ਕਮਾਇਆ, ਬਲਕਿ ਸੂਬੇ ਦੇ ਗਰੀਬ ਲੋਕਾਂ ਤੋਂ ਇਕੱਤਰ ਕੀਤਾ ਸੀ। ਇਹ ਟੈਕਸ ਦਾ ਪੈਸਾ ਸੀ।’’
ਉਨ੍ਹਾਂ ਹੈਰਾਨੀ ਜ਼ਾਹਰ ਕੀਤੀ ਕਿ ਕੀ ਭਾਜਪਾ ਨੇਤਾਵਾਂ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਸੂਬੇ ’ਚ ਸੋਕੇ ਦੀ ਸਥਿਤੀ ’ਤੇ ਚਰਚਾ ਕਰਨ ਲਈ ਵਿਸ਼ੇਸ਼ ਜਹਾਜ਼ ਰਾਹੀਂ ਉਨ੍ਹਾਂ ਦੀ ਯਾਤਰਾ ’ਤੇ ਇਤਰਾਜ਼ ਕਰਨ ਦਾ ਕੋਈ ਨੈਤਿਕ ਅਧਿਕਾਰ ਹੈ।
ਉਨ੍ਹਾਂ ਪਲਟਵਾਰ ਕਰਦਿਆਂ ਕਿਹਾ, ‘‘15 ਜੂਨ 2014 ਤੋਂ ਸਤੰਬਰ 2023 ਤਕ ਪ੍ਰਧਾਨ ਮੰਤਰੀ ਨੇ 74 ਵਿਦੇਸ਼ ਯਾਤਰਾਵਾਂ ਕੀਤੀਆਂ ਹਨ। ਪ੍ਰਧਾਨ ਮੰਤਰੀ ਦੀ ਅਧਿਕਾਰਤ ਵੈੱਬਸਾਈਟ ਦੇ ਅੰਕੜਿਆਂ ਅਨੁਸਾਰ ਹਰ ਸਫ਼ਰ ਦੀ ਔਸਤ ਲਾਗਤ 8.9 ਕਰੋੜ ਰੁਪਏ ਹੈ। ਭੁਖਮਰੀ ਸੂਚਕ ਅੰਕ ’ਚ ਦੇਸ਼ 111ਵੇਂ ਸਥਾਨ ’ਤੇ ਹੈ। ਜਦੋਂ ਦੇਸ਼ ਦੇ ਲੋਕ ਭੁੱਖ ਨਾਲ ਜੂਝ ਰਹੇ ਹੁੰਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਵਿਸ਼ੇਸ਼ ਜਹਾਜ਼ ਰਾਹੀਂ ਵਿਦੇਸ਼ ਯਾਤਰਾ ਕਰਦੇ ਹਨ ਅਤੇ ਆਨੰਦ ਮਾਣਦੇ ਹਨ।’’