23 ਸਾਲ ਪੁਰਾਣਾ ਕੇਤੀਆ ਅਗ਼ਵਾ ਮਾਮਲਾ ਮੁੜ ਖੁਲ੍ਹਿਆ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 16 ਸਤੰਬਰ (ਸੁਖਰਾਜ ਸਿੰਘ) : ਰਾਸ਼ਟਰੀ ਮਹਿਲਾ ਕਮਿਸ਼ਨ ਨੇ ਫ਼ਰਾਂਸ ਦੀ ਯਾਤਰੀ ਦੇ ਅਗ਼ਵਾ ਤੇ ਛੇੜਛਾੜ ਦੇ 23 ਸਾਲ ਪੁਰਾਣੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਸੂਬੇ ਦੇ ਡੀ.ਸੀ.ਪੀ. ਨੂੰ ਤਲਬ ਕੀਤਾ ਹੈ। ਇਹ ਮਾਮਲਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨਾਲ ਕਥਿਤ ਤੌਰ 'ਤੇ ਜੁੜਿਆ ਹੋਇਆ ਹੈ। ਫ਼ਰਾਂਸ ਦੀ ਨਾਗਰਿਕ ਕੇਤੀਆ ਨੇ ਤਤਕਾਲੀਨ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਅਤੇ ਹੋਰਾਂ ਵਿਰੁਧ 1994 'ਚ ਅਗ਼ਵਾ ਤੇ ਛੇੜਛਾੜ ਦਾ ਦੋਸ਼ ਲਗਾਇਆ ਸੀ। ਸਾਰੇ ਮੁਲਜ਼ਮ 10 ਅਪ੍ਰੈਲ 1999 ਨੂੰ ਬਰੀ ਹੋ ਗਏ ਸਨ।
ਪਟੀਸ਼ਨਰ ਦਿੱਲੀ ਦੀ ਕੌਂਸਲਰ ਗੁਰਜੀਤ ਕੌਰ ਨਾਲ ਕੌਮੀ ਮਹਿਲਾ ਕਮਿਸ਼ਨ ਦੇ ਦਫ਼ਤਰ ਗਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਦੱਸਣ ਅਨੁਸਾਰ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਲਿਤਾ ਕੁਮਾਰ ਮੰਗਲਮ ਨੇ ਇਸ ਮਾਮਲੇ ਵਿਚ ਦਿਤੀ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਉਹ ਇਸ ਮਾਮਲੇ ਵਿਚ ਇਨਸਾਫ਼ ਦਿਵਾਉਣਗੇ।
ਸ਼ਿਕਾਇਤ ਕਰਤਾ ਗੁਰਜੀਤ ਕੌਰ ਨੇ ਕਮਿਸ਼ਨ ਨੂੰ ਇਹ ਕਹਿੰਦਿਆਂ ਇਸ ਕੇਸ ਨੂੰ ਦੁਬਾਰਾ ਖੋਲ੍ਹਣ ਅਤੇ ਨਵੇਂ ਸਿਰਿਉਂ ਸੁਣਵਾਈ ਕਰਵਾਉਣ ਦੀ ਅਪੀਲ ਕੀਤੀ ਕਿ 31 ਅਗੱਸਤ 1994 ਵਾਲੇ ਮੰਦਭਾਗੇ ਦਿਨ ਕੇਤੀਆ ਡਾਰਨੰਡ 'ਤੇ ਹਮਲਾ ਕਰਨ, ਪੀੜਤ ਨੂੰ ਅਗ਼ਵਾ ਕਰਨ, ਛੇੜਖਾਨੀ ਕਰਨ ਅਤੇ ਸੰਭਾਵੀ ਤੌਰ 'ਤੇ ਬਲਾਤਕਾਰ ਕਰਨ ਵਾਲੇ ਦੋਸ਼ੀ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਕੋਟਲੀ ਵਿਰੁਧ ਦਰਜ ਕੀਤੇ ਮਾਮਲੇ ਵਿਚ ਭਾਰਤੀ ਦੰਡ ਧਾਰਾ ਦੀਆਂ ਢੁਕਵੀਆਂ ਧਾਰਾਵਾਂ ਸ਼ਾਮਲ ਨਹੀਂ ਕੀਤੀਆਂ ਗਈਆਂ ਸਨ।
ਗੁਰਜੀਤ ਕੌਰ ਨੇ ਦਸਿਆ ਕਿ ਉਸ ਨੇ ਇਸ ਪਟੀਸ਼ਨ ਦੀ ਤਿਆਰੀ ਇਸ ਸਾਲ 14 ਅਗੱਸਤ ਨੂੰ ਅਖ਼ਬਾਰ ਵਿਚ ਛਪੇ ਇਕ ਆਰਟੀਕਲ ਨੂੰ ਪੜ੍ਹਨ ਮਗਰੋਂ ਕੀਤੀ ਜੋ ਇਕ ਖੁਲ੍ਹੀ ਚਿੱਠੀ ਦੇ ਰੂਪ ਵਿਚ ਕੇਤੀਆ ਡਾਰਨੰਡ ਨੇ ਲਿਖਿਆ ਸੀ। ਕੌਮੀ ਮਹਿਲਾ ਕਮਿਸ਼ਨ ਨੂੰ ਇਸ ਕੇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਗੁਰਜੀਤ ਕੌਰ ਨੇ ਕਿਹਾ ਕਿ ਜਦੋਂ ਕੇਤੀਆ ਚੰਡੀਗੜ੍ਹ ਦੇ ਇਕ ਹੋਟਲ ਵਿਚ ਬੈਠੀ ਸੀ ਤਾਂ ਗੁਰਕੀਰਤ ਕੋਟਲੀ ਨੇ ਉਸ ਨੂੰ ਸ਼ਰਾਬ ਦਾ ਜਾਮ ਪੇਸ਼ ਕੀਤਾ ਸੀ। ਜਦੋਂ ਕੇਤੀਆ ਨੇ ਉਸ ਦੀ ਪੇਸ਼ਕਸ਼ ਠੁਕਰਾ ਕੇ ਮੋਹਾਲੀ ਵਿਚ ਅਪਣੇ ਦੋਸਤ ਦੇ ਘਰ ਜਾਣ ਲਈ ਉੱਠ ਖੜੀ ਹੋਈ ਤਾਂ ਗੁਰਕੀਰਤ ਅਤੇ ਉਸ ਦੇ ਛੇ ਦੋਸਤਾਂ ਨੇ ਕੇਤੀਆ ਦਾ ਪਿੱਛਾ ਕੀਤਾ ਅਤੇ ਉਸ ਨੂੰ ਅਗ਼ਵਾ ਕਰ ਲਿਆ। ਉਨ੍ਹਾਂ ਨੇ ਦਸਿਆ ਕਿ ਉਸ ਸਮੇਂ ਮੁੱਖ ਮੰਤਰੀ ਪੰਜਾਬ ਦੇ ਦਬਾਅ ਕਰ ਕੇ ਅਦਾਲਤ ਵਿਚ ਇਸ ਮਾਮਲੇ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਨਹੀਂ ਕੀਤਾ ਗਿਆ ਸੀ। ਗੁਰਜੀਤ ਕੌਰ ਨਾਲ ਮਨਜਿੰਦਰ ਸਿੰਘ ਸਿਰਸਾ ਤੇ ਪਰਮਿੰਦਰ ਸਿੰਘ ਬਰਾੜ ਵੀ ਸ਼ਾਮਲ ਸਨ।