ਚੋਣ ਕਮਿਸ਼ਨ ਨੇ ਅਖੌਤੀ ਸਾਈਬਰ ਮਾਹਰ ਵਿਰੁਧ ਦਿੱਲੀ ਪੁਲਿਸ ਨੂੰ ਐਫ਼.ਆਈ.ਆਰ. ਦਰਜ ਕਰਨ ਨੂੰ ਕਿਹਾ
ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਦਿੱਲੀ ਪੁਲਿਸ ਨੂੰ ਉਸ ਅਖੌਤੀ ਸਾਇਬਰ ਮਾਹਰ ਵਿਰੁਧ ਇਕ ਐਫ਼.ਆਈ.ਆਰ. ਦਰਜ ਕਰਨ ਨੂੰ ਕਿਹਾ ਹੈ........
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਦਿੱਲੀ ਪੁਲਿਸ ਨੂੰ ਉਸ ਅਖੌਤੀ ਸਾਇਬਰ ਮਾਹਰ ਵਿਰੁਧ ਇਕ ਐਫ਼.ਆਈ.ਆਰ. ਦਰਜ ਕਰਨ ਨੂੰ ਕਿਹਾ ਹੈ, ਜਿਸ ਨੇ ਦਾਅਵਾ ਕੀਤਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਧਾਂਦਲੀ ਹੋਈ ਸੀ ਅਤੇ ਈ.ਵੀ.ਐਮ. ਨੂੰ ਹੈਕ ਕੀਤਾ ਜਾ ਸਕਦਾ ਹੈ। ਚੋਣ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਲਿਖੀ ਇਕ ਚਿੱਠੀ 'ਚ ਕਿਹਾ ਹੈ ਕਿ ਸ਼ੁਜਾ ਨੇ ਦਹਿਸ਼ਤ ਪੈਦਾ ਕਰਨ ਵਾਲੀਆਂ ਅਫ਼ਵਾਹਾਂ ਫੈਲਾਈਆਂ ਹਨ। ਕਮਿਸ਼ਨ ਨੇ ਪੁਲਿਸ ਨੂੰ ਲੰਦਨ ਦੇ ਇਕ ਪ੍ਰੋਗਰਾਮ 'ਚ ਕਲ ਸ਼ੁਜਾ ਵਲੋਂ ਦਿਤੇ ਬਿਆਨ ਦੀ ਛੇਤੀ ਤੋਂ ਛੇਤੀ ਜਾਂਚ ਕਰਨ ਨੂੰ ਕਿਹਾ ਹੈ।
ਸ਼ੁਜਾ ਨੇ ਕਿਹਾ ਸੀ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਨਾਲ ਛੇੜਛਾੜ ਕੀਤੀ ਜਾ ਸਕਦੀ ਹੈ ਅਤੇ 2014 ਦੀਆਂ ਲੋਕ ਸਭਾ ਚੋਣਾਂ 'ਚ ਧਾਂਦਲੀ ਹੋਈ ਸੀ। ਉਧਰ ਚੋਣ ਕਮਿਸ਼ਨ ਲਈ ਈ.ਵੀ.ਐਮ. ਬਣਾਉਣ ਵਾਲੀ ਜਨਤਕ ਖੇਤਰ ਦੀ ਕੰਪਨੀ ਇਲੈਕਟ੍ਰਾਨਿਕ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਈ.ਸੀ.ਆਈ.ਐਲ.) ਨੇ ਈ.ਵੀ.ਐਮ. ਨੂੰ ਹੈਕ ਕਰਨ ਦਾ ਦਾਅਵਾ ਕਰਨ ਵਾਲੇ ਅਖੌਤੀ ਸਾਈਬਰ ਮਾਹਰ ਸਈਅਦ ਸ਼ੁਜਾ ਦੇ 2009 ਤੋਂ 2014 ਵਿਚਕਾਰ ਕੰਪਨੀ ਨਾਲ ਕਿਸੇ ਵੀ ਭੂਮਿਕਾ 'ਚ ਕੰਮ ਕਰਨ ਤੋਂ ਇਨਕਾਰ ਕੀਤਾ ਹੈ।
ਈ.ਸੀ.ਆਈ.ਐਲ. ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਰੀਅਰ ਐਡਮਿਰਲ ਸੰਜੇ ਚੌਬੇ (ਸੇਵਾਮੁਕਤ) ਨੇ ਕਮਿਸ਼ਨ ਨੂੰ ਸ਼ੁਜਾ ਦੇ ਈ.ਸੀ.ਆਈ.ਐਲ. ਲਈ ਕੰਮ ਕਰਨ ਬਾਬਤ ਮੀਡੀਆ ਰੀਪੋਰਟਾਂ ਦਾ ਖੰਡਨ ਕਰਦਿਆਂ ਇਹ ਜਾਣਕਾਰੀ ਦਿਤੀ ਹੈ। ਸ਼ੁਜਾ ਨੇ ਕਿਹਾ ਸੀ ਕਿ ਉਸ ਨੂੰ ਈ.ਸੀ.ਆਈ.ਐਲ. ਨੇ ਵੋਟਿੰਗ ਮਸ਼ੀਨ ਨੂੰ ਹੈਕਿੰਗ ਤੋਂ ਸੁਰੱਖਿਅਤ ਹੋਣ ਦੀ ਜਾਂਚ ਕਰਨ ਦਾ ਕੰਮ ਦਿਤਾ ਸੀ। (ਪੀਟੀਆਈ)