ਵੋਟਿੰਗ ਮਸ਼ੀਨਾਂ 'ਤੇ ਪ੍ਰਗਟਾਵੇ ਮਗਰੋਂ ਸਿਆਸੀ ਭੂਚਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੋਟਿੰਗ ਮਸ਼ੀਨਾਂ ਨੂੰ ਹੈਕ ਕਰਨ ਅਤੇ ਕਈ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਤ ਕਰਨ ਦੇ ਇਕ ਸਾਈਬਰ ਮਾਹਰ ਦੇ ਦਾਅਵਿਆਂ ਤੋਂ ਬਾਅਦ ਅੱਜ.......

EVM

ਨਵੀਂ ਦਿੱਲੀ : ਵੋਟਿੰਗ ਮਸ਼ੀਨਾਂ ਨੂੰ ਹੈਕ ਕਰਨ ਅਤੇ ਕਈ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਤ ਕਰਨ ਦੇ ਇਕ ਸਾਈਬਰ ਮਾਹਰ ਦੇ ਦਾਅਵਿਆਂ ਤੋਂ ਬਾਅਦ ਅੱਜ ਸਿਆਸੀ ਭੂਚਾਲ ਆ ਗਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਜਿੱਥੇ ਇਸ ਨੂੰ ਕਾਂਗਰਸ ਪਾਰਟੀ ਦੀ ਸਾਜ਼ਸ਼ ਕਰਾਰ ਦਿਤਾ ਹੈ ਉਥੇ ਵਿਰੋਧੀ ਪਾਰਟੀਆਂ ਨੇ ਈ.ਵੀ.ਐਮ. ਨੂੰ ਲੋਕਤੰਤਰ ਲਈ ਖ਼ਤਰਾ ਕਰਾਰ ਦਿੰਦਿਆਂ ਅਗਲੀਆਂ ਲੋਕ ਸਭਾ ਚੋਣਾਂ ਬੈਲਟ ਪੇਪਰਾਂ ਨਾਲ ਕਰਵਾਉਣ ਦੀ ਮੰਗ ਕੀਤੀ ਹੈ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਹੈਕਿੰਗ ਸਬੰਧੀ ਦਾਅਵੇ ਦੀ ਪਿੱਠਭੂਮੀ 'ਚ ਕਾਂਗਰਸ ਨੇ ਕਿਹਾ ਹੈ

ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਵੀ.ਵੀ.ਪੈਟ ਦੀਆਂ ਘੱਟ ਤੋਂ ਘੱਟ 50 ਫ਼ੀ ਸਦੀ ਪਰਚੀਆਂ ਦਾ ਮਿਲਾਨ ਯਕੀਨੀ ਕੀਤਾ ਜਾਵੇ। ਕਾਂਗਰਸ ਦੇ ਸੀਨੀਅਰ ਬੁਲਾਰੇ ਆਨੰਦ ਸ਼ਰਮਾ ਨੇ ਕਿਹਾ ਕਿ ਈ.ਵੀ.ਐਮ. ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਅਪਣਾ ਸ਼ੱਕ ਪ੍ਰਗਟਾਇਆ ਹੈ। ਇਸ ਬਾਬਤ ਚੋਣ ਕਮਿਸ਼ਨ ਨੂੰ ਮੰਗ ਪੱਤਰ ਵੀ ਦਿਤਾ ਗਿਆ ਸੀ। ਮੰਗ ਕੀਤੀ ਗਈ ਸੀ ਕਿ ਬੈਲਟ ਪੇਪਰ ਨਾਲ ਫਿਰ ਵੋਟਾਂ ਕਰਵਾਈਆਂ ਜਾਣ। ਕਈ ਦੇਸ਼ ਈ.ਵੀ.ਐਮ. ਤੋਂ ਫਿਰ ਬੈਲਟ ਪੇਪਰਾਂ ਵਲ ਮੁੜੇ ਹਨ। ਉਧਰ ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਨੇ ਦੋਸ਼ ਲਾਇਆ ਹੈ ਕਿ ਲੰਦਨ 'ਚ ਕਰਵਾਈ ਗਈ ਹੈਕਾਥਾਨ ਨੂੰ ਕਾਂਗਰਸ ਦੇ ਸਮਰਪਿਤ ਲੋਕਾਂ ਨੇ ਕਰਵਾਇਆ ਸੀ

ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਉਸ ਦੀ ਨਜ਼ਰਸਾਨੀ ਕਰ ਲਈ ਉਥੇ ਗਏ ਸਨ। ਹਾਲਾਂਕਿ ਸ਼ਰਮਾ ਨੇ ਪ੍ਰਸਾਦ ਦੇ ਦੋਸ਼ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਰਵੀਸ਼ੰਕਰ ਪ੍ਰਸਾਦ ਇਸ ਖ਼ੁਸ਼ਫ਼ਹਿਮੀ 'ਚ ਹਨ ਅਤੇ ਉਨ੍ਹਾਂ ਦੀ ਸਰਕਾਰ ਦੀ ਉਲਟੀ-ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਪਿਲ ਸਿੱਬਲ ਦੀ ਮੌਜੂਦਗੀ ਦਾ ਕਾਂਗਰਸ ਨਾਲ ਕੋਈ ਸਬੰਧ ਨਹੀਂ ਹੈ। ਭਾਜਪਾ ਨੇ ਚੋਣਾਂ 'ਚ ਧਾਂਦਲੀ ਦੇ ਦੋਸ਼ਾਂ ਨੂੰ ਭਾਰਤੀ ਲੋਕਤੰਤਰ ਅਤੇ ਚੋਣ ਕਮਿਸ਼ਨ ਨੂੰ 'ਬਦਨਾਮ ਕਰਨ' ਦੇ ਉਦੇਸ਼ ਨਾਲ 'ਕਾਂਗਰਸ ਵਲੋਂ ਸਪਾਂਸਰ ਸਾਜ਼ਸ਼' ਦਸਿਆ।

ਭਾਜਪਾ ਦੇ ਆਗੂ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਸਵਾਲ ਕੀਤਾ ਕਿ ਕਿਤੇ ਈ.ਵੀ.ਐਮ. ਹੈਕ ਕਰਨ ਵਾਲਾ ਵਿਅਕਤੀ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਜਾਂ ਖ਼ਤਰਨਾਕ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਦਾ ਬੰਦਾ ਤਾਂ ਨਹੀਂ ਹੈ ਜੋ ਲੋਕਤੰਤਰ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ।
ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਨੇ ਈ.ਵੀ.ਐਮ. ਨੂੰ ਹੈਕ ਕੀਤੇ ਜਾਣ ਦੇ ਇਕ ਸਾਇਬਰ ਮਾਹਰ ਦੇ ਦਾਅਵੇ ਦਾ ਹਵਾਲਾ ਦਿੰਦਿਆਂ ਚੋਣ ਕਮਿਸ਼ਨ ਨੂੰ ਅਗਲੀਆਂ ਲੋਕ ਸਭਾ ਚੋਣਾਂ ਬੈਲਟ ਪੇਪਰ ਨਾਲ ਕਰਵਾਏ ਜਾਣ ਦੀ ਮੰਗ ਕੀਤੀ।

ਜਦਕਿ ਬਸਪਾ ਦੀ ਭਾਈਵਾਲ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਜੇ ਵੋਟਿੰਗ ਮਸ਼ੀਨਾਂ ਨਾਲ ਸੱਭ ਕੁੱਝ ਠੀਕ ਹੈ ਤਾਂ ਜਾਪਾਨ ਵਰਗੇ ਵਿਗਿਆਨ ਅਤੇ ਤਕਨੀਕੀ ਰੂਪ ਨਾਲ ਵਿਕਸਤ ਦੇਸ਼ ਮਸ਼ੀਨ ਦਾ ਪ੍ਰਯੋਗ ਕਿਉਂ ਨਹੀਂ ਕਰਦੇ। ਉਨ੍ਹਾਂ ਭਾਜਪਾ 'ਤੇ ਦੋਸ਼ ਲਾਇਆ ਕਿ ਉਹ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ। ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਵੀ ਬੈਲਟ ਪੇਪਰ ਪ੍ਰਣਾਲੀ ਨੂੰ ਫਿਰ ਲਿਆਉਣ ਦੀ ਵਕਾਲਤ ਕਰਦਿਆਂ ਦਾਅਵਾ ਕੀਤਾ ਕਿ ਹੈਕਰਾਂ ਨੇ ਸਾਬਤ ਕੀਤਾ ਹੈ ਕਿ ਈ.ਵੀ.ਐਮ. ਲੋਕਤੰਤਰ ਲਈ ਵੱਡਾ ਖ਼ਤਰਾ ਬਣ ਰਹੀ ਹੈ।  (ਪੀਟੀਆਈ)