ਬਰਫ਼ਬਾਰੀ ਅਤੇ ਮੀਂਹ ਨਾਲ ਠੰਢ ਵਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰਾਖੰਡ 'ਚ ਮੌਸਮ ਦੀ ਸੱਭ ਤੋਂ ਜ਼ਿਆਦਾ ਬਰਫ਼ਬਾਰੀ........

Snowfall in Shimla

ਨਵੀਂ ਦਿੱਲੀ : ਪਿਛਲੇ 24 ਘੰਟਿਆਂ ਤੋਂ ਉੱਤਰ ਭਾਰਤ ਦੇ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਮੀਂਹ ਨੇ ਲੋਕਾਂ ਨੂੰ ਫਿਰ ਕਾਂਬਾ ਛੇੜ ਦਿਤਾ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ ਅਤੇ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ 'ਚ ਅਗਲੇ ਕੁੱਝ ਦਿਨ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ। ਖੇਤੀ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ 'ਚ ਸਹੀ ਸਮੇਂ 'ਤੇ ਪਏ ਮੀਂਹ ਨਾਲ ਕਣਕ ਦੀ ਫ਼ਸਲ ਨੂੰ ਫ਼ਾਇਦਾ ਹੋਵੇਗਾ ਅਤੇ ਇਸ ਨਾਲ ਪੈਦਾਵਾਰ ਵਧਾਉਣ 'ਚ ਮਦਦ ਮਿਲੇਗੀ।

ਖੇਤੀ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਨੇ ਕਿਹਾ ਕਿ ਮੀਂਹ ਨਾਲ ਉੱਲੀ ਤੋਂ ਪੈਦਾ ਰੋਗ ਪੀਲੀ ਕੁੰਗੀ ਨੂੰ ਵੀ ਕਾਬੂ ਕਰਨ 'ਚ ਮਦਦ ਮਿਲੇਗੀ। ਬੈਂਸ ਨੇ ਕਿਸਾਨਾਂ ਨੂੰ ਸਲਾਹ ਦਿਤੀ ਕਿ ਉਹ ਮੀਂਹ ਦੇ ਪਾਣੀ ਨੂੰ ਖੇਤਾਂ 'ਚ ਖੜਾ ਨਾ ਹੋਣ ਦੇਣ ਕਿਉਂਕਿ ਇਹ ਫ਼ਸਲ ਲਈ ਹਾਨੀਕਾਰਕ ਹੋ ਸਕਦਾ ਹੈ। ਪਠਾਨਕੋਟ 'ਚ ਸੱਭ ਤੋਂ ਜ਼ਿਆਦਾ 94 ਮਿਲੀਮੀਟਰ ਮੀਂਹ ਪਿਆ। ਉੱਤਰਾਖੰਡ 'ਚ ਇਸ ਮੌਸਮ ਦੀ ਸੱਭ ਤੋਂ ਜ਼ਿਆਦਾ ਬਰਫ਼ਬਾਰੀ ਦਰਜ ਕੀਤੀ ਗਈ ਜਿਸ ਤੋਂ ਬਾਅਦ ਪਹਾੜਾਂ ਦੀ ਰਾਣੀ ਮਸੂਰੀ ਨੇ ਬਰਫ਼ ਦੀ ਚਾਦਰ ਤਾਣ ਲਈ। ਸਰੋਵਰ ਨਗਰੀ ਨੈਨੀਤਾਲ 'ਚ ਵੀ ਭਾਰੀ ਬਰਫ਼ਬਾਰੀ ਹੋਈ। 

ਪਹਾੜਾਂ 'ਤੇ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਲਗਾਤਾਰ ਮੀਂਹ ਅਤੇ ਗੜੇਮਾਰੀ ਨਾਲ ਪੂਰਾ ਸੂਬਾ ਕੜਾਕੇ ਦੀ ਠੰਢ ਦੀ ਮਾਰ ਹੇਠ ਆ ਗਿਆ ਹੈ। ਮਸੂਰੀ 'ਚ 'ਚ ਕਰੀਬ ਅੱਧਾ ਫੁੱਟ ਬਰਫ਼ ਡਿੱਗੀ। ਕਸ਼ਮੀਰ 'ਚ ਵੀ ਲਗਾਤਾਰ ਦੂਜੇ ਦਿਨ ਉਚਾਈ ਵਾਲੇ ਇਲਾਕਿਆਂ 'ਚ ਬਰਫ਼ਫਾਰੀ ਅਤੇ ਮੈਦਾਨੀ ਇਲਾਕਿਆਂ 'ਚ ਮੀਂਹ ਪਿਆ। ਜੰਮੁ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਵੈਸ਼ਣੋ ਦੇਵੀ 'ਚ ਹੈਲੀਕਾਪਟਰ ਅਤੇ ਰੋਪਵੇ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ ਹਨ। ਸ੍ਰੀਨਗਰ 'ਚ ਪਾਰਾ 0.2 ਡਿਗਰੀ ਤਕ ਡਿੱਗ ਗਿਆ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਸਮੇਤ ਕਈ ਸੈਲਾਨੀ ਥਾਵਾਂ ਜਿਵੇਂ ਮਨਾਲੀ, ਕੁਫ਼ਰੀ ਅਤੇ ਨਾਰਕੰਡਾ 'ਚ ਦੇਰ ਰਾਤ ਤੋਂ ਮੰਗਲਵਾਰ

ਸਵੇਰ ਤਕ ਕਈ ਘੰਟੇ ਬਰਫ਼ਬਾਰੀ ਹੋਈ। ਸ਼ਿਮਲਾ ਅਤੇ ਮਨਾਲੀ 'ਚ ਪੰਜ ਸੈਂਟੀਮੀਟਰ, ਕੋਠੀ 'ਚ 20 ਸੈਂਟੀਮੀਟਰ ਸਲੋਨੀ 'ਚ 6 ਸੈਂਟੀਮੀਟਰ ਅਤੇ ਕਲਪਾ 'ਚ 7.4 ਸੈਂਟੀਮੀਟਰ ਬਰਫ਼ ਡਿੱਗੀ। ਸੈਲਾਨੀ ਬਰਫ਼ਬਾਰੀ ਦਾ ਲੁਤਫ਼ ਲੈਣ ਲਈ ਸ਼ਿਮਲਾ ਦੇ ਇਤਿਹਾਸਕ ਰਿੱਜ ਅਤੇ ਮਾਲ ਰੋਡ 'ਤੇ ਜਮ੍ਹਾਂ ਹੋਣ ਲੱਗੇ ਹਨ। ਪਛਮੀ ਦਬਾਅ ਦੇ ਚਲਦਿਆਂ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਮੰਗਲਵਾਰ ਸਵੇਰੇ ਕਈ ਹਿੱਸਿਆਂ 'ਚ ਭਾਰੀ ਮੀਂਹ ਪੈਣ ਕਰ ਕੇ ਸ਼ਹਿਰ 'ਚ ਪਾਣੀ ਇਕੱਠਾ ਹੋ ਗਿਆ ਅਤੇ ਪ੍ਰਮੁੱਖ ਚੁਰਸਤਿਆਂ 'ਤੇ ਟਰੈਫ਼ਿਕ ਜਾਮ ਲੱਗ ਗਏ।

ਉੱਤਰ ਰੇਲਵੇ ਅਨੁਸਾਰ ਲਗਭਗ 15 ਰੇਲ ਗੱਡੀਆਂ ਦੋ ਜਾਂ ਤਿੰਨ ਘੰਟੇ ਦੇਰ ਨਾਲ ਚੱਲ ਰਹੀਆਂ ਹਨ। ਹਾਲਾਂਕਿ ਮੀਂਹ ਪੈਣ ਨਾਲ ਦਿੱਲੀ ਵਾਸੀਆਂ ਨੂੰ ਕਈ ਦਿਨਾਂ ਤੋਂ ਚਲ ਰਹੀ ਗੰਧਲੀ ਹਵਾ ਤੋਂ ਨਿਜਾਤ ਮਿਲੀ। ਰਾਜਸਥਾਨ ਦੇ ਅਲਵਰ 'ਚ 14.1 ਮਿਲੀਮੀਟਰ, ਚਿਤੌੜਗੜ੍ਹ, ਜੈਸਲਮੇਲ ਅਤੇ ਜੈਪੁਰ 'ਚ ਲੜੀਵਾਰ, 10, 8.2 ਅਤੇ 3.8 ਮਿਲੀਮੀਟਰ ਮੀਂਹ ਪਿਆ।   (ਪੀਟੀਆਈ)