ਖੱਟਰ ਅਤੇ ਵਿੱਜ ਵਿਚਾਲੇ ਨਹੀਂ ਖਤਮ ਹੋ ਰਿਹਾ ਆਪਸੀ ਵਿਵਾਦ! ਹੁਣ ਵਿੱਜ ਤੋਂ CID ਵਿਭਾਗ ਲਿਆ ਵਾਪਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੋਲ ਚਲਾ ਗਿਆ CID ਵਿਭਾਗ 

File

ਚੰਡੀਗੜ੍ਹ- ਹਰਿਆਣਾ ਦਾ ਸੀਆਈਡੀ ਵਿਭਾਗ ਹੁਣ ਗ੍ਰਹਿ ਮੰਤਰੀ ਅਨਿਲ ਵਿੱਜ ਤੋਂ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੋਲ ਚਲਾ ਗਿਆ ਹੈ। ਇਸ ਵਿਭਾਗ ਨੂੰ ਲੈ ਕੇ ਵਿੱਜ ਦੇ ਗ੍ਰਹਿ ਮੰਤਰੀ ਬਣਨ ਦੇ ਬਾਅਦ ਤੋਂ ਹੀ ਵਿਵਾਦ ਚੱਲ ਰਿਹਾ ਸੀ। ਸਰਕਾਰ ਨੇ ਬੁੱਧਵਾਰ ਦੇਰ ਰਾਤੀਂ ਹੁਕਮ ਜਾਰੀ ਕਰ ਕੇ ਸੀਆਈਡੀ ਵਿਭਾਗ ਨੂੰ ਲੈ ਕੇ ਚੱਲ ਰਹੇ ਵਿਵਾਦ ਵਾਲੀ ਸਥਿਤੀ ਖ਼ਤਮ ਕਰ ਦਿੱਤੀ।

ਇਸ ਤੋਂ ਪਹਿਲਾਂ ਦਿਨ ’ਚ ਹੋਏ ਤਬਾਦਲਿਆਂ ’ਚ ਅਨਿਲ ਵਿੱਜ ਦੇ ਸ਼ਹਿਰੀ ਸਥਾਨਕ ਇਕਾਈਆਂ ਬਾਰੇ ਵਿਭਾਗ ਤੋਂ ਵਧੀਕ ਪ੍ਰਿੰਸੀਪਲ ਸਕੱਤਰ ਵੀ.ਉਮਾਸ਼ੰਕਰ ਨੂੰ ਵੀ ਹਟਾ ਲਿਆ ਹੈ। NHM ਵਿੱਚ ਨਵੇਂ ਮਿਸ਼ਨ ਡਾਇਰੈਕਟਰ ਦੀ ਵੀ ਨਿਯੁਕਤੀ ਕਰ ਦਿੱਤੀ ਗਈ ਹੈ। ਹੁਣ ਵੇਖਣਾ ਇਹ ਹੈ ਕਿ ਵਿੱਜ ਸੀਆਈਡੀ ਵਿਭਾਗ ਖੁੱਸਣ ਤੋਂ ਬਾਅਦ ਕੀ ਰੁਖ਼ ਅਪਣਾਉਂਦੇ ਹਨ। 

ਕਿਉਂਕਿ ਉਹ ਇਸ ਗੱਲ ਉੱਤੇ ਹੀ ਅੜੇ ਹੋਏ ਸਨ ਕਿ ਸੀਆਈਡੀ ਤਾਂ ਗ੍ਰਹਿ ਵਿਭਾਗ ਦਾ ਹਿੱਸਾ ਹੈ, ਤੇ ਇਸ ਨੂੰ ਕੈਬਿਨੇਟ ਦੀ ਮਨਜ਼ੂਰੀ ਤੇ ਵਿਧਾਨ ਸਭਾ ’ਚ ਸੋਧ ਬਿਲ ਲਿਆ ਕੇ ਹੀ ਵਾਪਸ ਲਿਆ ਜਾ ਸਕਦਾ ਹੈ। ਸਰਕਾਰ ਵੱਲੋਂ ਰਾਤੀਂ 11:41 ਵਜੇ ਜਾਰੀ ਪ੍ਰੈੱਸ ਬਿਆਨ ਮੁਤਾਬਕ ਮੁੱਖ ਮੰਤਰੀ ਦੀ ਸਲਾਹ ਅਨੁਸਾਰ ਹਰਿਆਣਾ ਦੇ ਰਾਜਪਾਲ ਨੇ ਮੁੱਖ ਮੰਤਰੀ ਤੇ ਦੋ ਮੰਤਰੀਆਂ ਨੂੰ ਕੁਝ ਨਵੇਂ ਵਿਭਾਗ ਵੰਡੇ ਹਨ। 

ਮੁੱਖ ਸਕੱਤਰ ਦੇ ਨੋਟੀਫ਼ਿਕੇਸ਼ਨ ਅਨੁਸਾਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਉਨ੍ਹਾਂ ਦੇ ਮੌਜੂਦਾ ਪੋਰਟਫ਼ੋਲੀਓ ਤੋਂ ਇਲਾਵਾ ਤੁਰੰਤ ਪ੍ਰਭਾਵ ਨਾਲ ਸੀਆਈਡੀ, ਰਾਜਭਵਨ ਮਾਮਲੇ ਤੇ ਅਮਲਾ ਤੇ ਸਿਖਲਾਈ ਵਿਭਾਗ ਵੰਡੇ ਗਏ ਹਨ। ਟ੍ਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਨੂੰ ਚੋਣ ਪੋਰਟਫ਼ੋਲੀਓ ਦਿੱਤਾ ਗਿਆ ਹੈ। ਜਦ ਕਿ ਕਲਾ ਤੇ ਸਭਿਆਚਾਰਕ ਮਾਮਲਿਆਂ ਦਾ ਵਿਭਾਗ ਹੁਣ ਸਿੱਖਿਆ ਮੰਤਰੀ ਕੰਵਰਪਾਲ ਨੂੰ ਉਨ੍ਹਾਂ ਦੇ ਮੌਜੂਦਾ ਵਿਭਾਗਾਂ ਤੋਂ ਇਲਾਵਾ ਵੰਡਿਆ ਗਿਆ ਹੈ। 

ਇਹ ਪਹਿਲਾਂ ਟ੍ਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਕੋਲ ਸੀ। ਇੰਝ ਹੁਣ ਗ੍ਰਹਿ ਮੰਤਰੀ ਅਨਿਲ ਵਿੱਜ ਕੋਲ ਸੀਆਈਡੀ ਤੇ ਟ੍ਰਾਂਸਪਰਟ ਮੰਤਰੀ ਮੂਲ ਚੰਦ ਸ਼ਰਮਾ ਕੋਲ ਕਲਾ ਤੇ ਸਭਿਆਚਾਰਕ ਮਾਮਲਿਆਂ ਦਾ ਪੋਰਟਫ਼ੋਲੀਓ ਨਹੀਂ ਰਹੇਗਾ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਭਾਜਪਾ ਹਾਈ-ਕਮਾਂਡ ਨਾਲ ਤਾਜ਼ਾ ਮੁਲਾਕਾਤ ਤੋਂ ਬਾਅਦ ਇਹ ਵੱਡਾ ਫ਼ੈਸਲਾ ਲਿਆ ਗਿਆ ਹੈ। ਸੀਆਈਡੀ ਵਿਭਾਗ ਨੂੰ ਲੈ ਕੇ ਤਾਂ ਕਈ ਦਿਨਾਂ ਤੋਂ ਸਿਆਸੀ ਪਾਰਾ ਚੜ੍ਹਿਆ ਹੋਇਆ ਸੀ।