PM ਮੋਦੀ ਨੇ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਕੀਤਾ ਉਦਘਾਟਨ
''ਨੇਤਾਜੀ ਸੁਭਾਸ਼ ਦੀ ਇਹ ਮੂਰਤੀ ਸਾਡੀਆਂ ਪੀੜ੍ਹੀਆਂ ਨੂੰ ਸਾਡੀਆਂ ਲੋਕਤੰਤਰੀ ਸੰਸਥਾਵਾਂ ਪ੍ਰਤੀ ਰਾਸ਼ਟਰੀ ਫਰਜ਼ ਦਾ ਅਹਿਸਾਸ ਕਰਵਾਏਗੀ''
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦਿੱਲੀ ਦੇ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ 2019, 2020, 2021 ਅਤੇ 2022 ਲਈ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਵੀ ਭੇਟ ਕੀਤਾ।
ਇਸ ਸਮਾਰੋਹ 'ਚ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਮਾਤਾ ਦੇ ਬਹਾਦਰ ਪੁੱਤਰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ 'ਤੇ ਮੈਂ ਪੂਰੇ ਦੇਸ਼ ਦੀ ਤਰਫੋਂ ਨਮਨ ਕਰਦਾ ਹਾਂ।
ਇਹ ਦਿਨ ਇਤਿਹਾਸਕ ਹੈ, ਇਹ ਦੌਰ ਵੀ ਇਤਿਹਾਸਕ ਹੈ ਅਤੇ ਇਹ ਸਥਾਨ ਜਿੱਥੇ ਅਸੀਂ ਸਾਰੇ ਇਕੱਠੇ ਹੋਏ ਹਾਂ, ਵੀ ਇਤਿਹਾਸਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੇਤਾ ਜੀ ਨੇ ਸਾਨੂੰ ਆਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਭਾਰਤ ਦਾ ਭਰੋਸਾ ਦਿੱਤਾ ਸੀ। ਭਰੋਸੇ ਅਤੇ ਦਲੇਰੀ ਨਾਲ ਉਹਨਾਂ ਨੇ ਅੰਗਰੇਜ਼ਾਂ ਦੇ ਸਾਹਮਣੇ ਕਿਹਾ ਕਿ ਮੈਂ ਆਜ਼ਾਦੀ ਦੀ ਭੀਖ ਨਹੀਂ ਮੰਗਾਂਗਾ, ਮੈਂ ਇਸ ਨੂੰ ਹਾਸਲ ਕਰਾਂਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬੁੱਤ ਆਜ਼ਾਦੀ ਦੇ ਮਹਾਨ ਨਾਇਕ ਨੂੰ ਇੱਕ ਸ਼ੁਕਰਗੁਜ਼ਾਰ ਰਾਸ਼ਟਰ ਦੀ ਸ਼ਰਧਾਂਜਲੀ ਹੈ। ਨੇਤਾਜੀ ਸੁਭਾਸ਼ ਦੀ ਇਹ ਮੂਰਤੀ ਸਾਡੀਆਂ ਪੀੜ੍ਹੀਆਂ ਨੂੰ ਸਾਡੀਆਂ ਲੋਕਤੰਤਰੀ ਸੰਸਥਾਵਾਂ ਪ੍ਰਤੀ ਰਾਸ਼ਟਰੀ ਫਰਜ਼ ਦਾ ਅਹਿਸਾਸ ਕਰਵਾਏਗੀ। ਆਉਣ ਵਾਲੀ ਅਤੇ ਅਜੋਕੀ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਰਹਿਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਦੇਸ਼ ਨੇ ਨੇਤਾ ਜੀ ਦੀ ਜਯੰਤੀ ਨੂੰ ਪਰਾਕਰਮ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ ਸੀ। ਅੱਜ ਇਸ ਮੌਕੇ 'ਤੇ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਵੀ ਦਿੱਤੇ ਗਏ। ਨੇਤਾ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ।