‘ਭਾਰਤ ਜੋੜੇ ਨਿਆਂ ਯਾਤਰਾ’ ਨੂੰ ਗੁਹਾਟੀ ਸ਼ਹਿਰ ’ਚ ਦਾਖਲ ਹੋਣ ਤੋਂ ਰੋਕਿਆ ਗਿਆ, ਕਾਂਗਰਸੀਆਂ ਨੇ ਤੋੜੇ ਬੈਰੀਕੇਡ
ਰਾਹੁਲ ਗਾਂਧੀ ਨੇ ਕਾਂਗਰਸ ਵਰਕਰਾਂ ਨੂੰ ਕਿਹਾ, ‘ਅਸੀਂ ਬੈਰੀਕੇਡ ਤੋੜੇ ਪਰ ਕਾਨੂੰਨ ਨਹੀਂ ਤੋੜਾਂਗੇ’
ਗੁਹਾਟੀ : ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਨਿਆਂ ਯਾਤਰਾ’ ਨੂੰ ਮੰਗਲਵਾਰ ਨੂੰ ਗੁਹਾਟੀ ’ਚ ਦਾਖਲ ਹੋਣ ਤੋਂ ਰੋਕ ਦਿਤਾ ਗਿਆ, ਜਿਸ ਤੋਂ ਬਾਅਦ ਕਾਂਗਰਸ ਵਰਕਰਾਂ ਨੇ ਪ੍ਰਦਰਸ਼ਨ ਕੀਤਾ ਅਤੇ ਬੈਰੀਕੇਡ ਤੋੜ ਦਿਤੇ। ਪ੍ਰਦਰਸ਼ਨ ਦੌਰਾਨ ਕਾਂਗਰਸੀ ਵਰਕਰਾਂ ਨੇ ਨਾਅਰੇਬਾਜ਼ੀ ਵੀ ਕੀਤੀ। ਕਾਂਗਰਸ ਸਮਰਥਕਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਿਸ ਨੂੰ ਬਲ ਦੀ ਵਰਤੋਂ ਕਰਨੀ ਪਈ।
ਇਸ ਤੋਂ ਪਹਿਲਾਂ ਖਾਨਾਪਾੜਾ ਦੇ ਗੁਹਾਟੀ ਚੌਕ ’ਤੇ ਭਾਰੀ ਭੀੜ ਇਕੱਠੀ ਹੋਈ ਸੀ ਅਤੇ ਰਾਹੁਲ ਗਾਂਧੀ ਦਾ ਢੋਲ-ਨਗਾੜਿਆਂ ਨਾਲ ਸਵਾਗਤ ਕੀਤਾ ਗਿਆ। ਰਾਹੁਲ ਗਾਂਧੀ ਨੇ ਸ਼ਹਿਰ ਦੇ ਬਾਹਰੀ ਇਲਾਕੇ ’ਚ ਪਾਰਟੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਬੈਰੀਕੇਡ ਤੋੜ ਦਿਤੇ ਹਨ ਪਰ ਕਾਨੂੰਨ ਨਹੀਂ ਤੋੜਾਂਗੇ।’’ ਯਾਤਰਾ ਨੂੰ ਸ਼ਹਿਰ ਦੀ ਹੱਦ ’ਚ ਦਾਖਲ ਹੋਣ ਤੋਂ ਰੋਕਣ ਲਈ ਦੋ ਥਾਵਾਂ ’ਤੇ ਬੈਰੀਕੇਡ ਲਗਾਏ ਗਏ ਸਨ। ਕਾਂਗਰਸੀ ਵਰਕਰਾਂ ਨੂੰ ਰੋਕਣ ਲਈ ਪੁਲਿਸ ਨੂੰ ਬਲ ਦੀ ਵਰਤੋਂ ਕਰਨੀ ਪਈ।
ਇਸ ਤੋਂ ਪਹਿਲਾਂ ਗੁਹਾਟੀ ’ਚ ਦਾਖਲ ਹੋਣ ’ਤੇ ਰਾਹੁਲ ਗਾਂਧੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਕਾਂਗਰਸੀ ਆਗੂ ਨੇ ਰਸਤੇ ’ਚ ਯੂਨੀਵਰਸਿਟੀ ਦੇ ਕੁੱਝ ਵਿਦਿਆਰਥੀਆਂ ਨੂੰ ਵੀ ਸੰਬੋਧਨ ਕੀਤਾ। ਸਮਰਥਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਢਾ ਨੇ ਵੀ ਇਹੀ ਰਸਤਾ ਚੁਣਿਆ ਸੀ ਪਰ ਮੈਨੂੰ (ਰਾਹੁਲ) ਨੂੰ ਇੱਥੇ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ।’’
ਅਪਣੇ ਵਰਕਰਾਂ ਅਤੇ ਸਮਰਥਕਾਂ ਨੂੰ ‘ਬੱਬਰ ਸ਼ੇਰ’ ਕਹਿੰਦੇ ਹੋਏ ਰਾਹੁਲ ਨੇ ਕਿਹਾ, ‘‘ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਕਮਜ਼ੋਰ ਹਾਂ। ਅਸੀਂ ਬੈਰੀਕੇਡ ਤੋੜ ਦਿਤੇ ਹਨ। ਉਨ੍ਹਾਂ ਨੇ ਮੇਰਾ ਯੂਨੀਵਰਸਿਟੀ ਪ੍ਰੋਗਰਾਮ ਰੱਦ ਕਰ ਦਿਤਾ ਪਰ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਬਾਹਰ ਮੇਰੀ ਗੱਲ ਸੁਣੀ।’’ਰਾਹੁਲ ਨੇ ਕਿਹਾ ਕਿ ਕਾਂਗਰਸ ਵਰਕਰ ਕਿਸੇ ਤੋਂ ਨਹੀਂ ਡਰਦੇ। ਉਨ੍ਹਾਂ ਕਿਹਾ, ‘‘ਅਸੀਂ ਜਲਦੀ ਹੀ ਅਸਾਮ ’ਚ ਭਾਜਪਾ ਨੂੰ ਹਰਾਵਾਂਗੇ ਅਤੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਵਾਂਗੇ।’’
ਉਨ੍ਹਾਂ ਨੇ ਚੰਗਾ ਕੰਮ ਕਰਨ ਲਈ ਪੁਲਿਸ ਦੀ ਵੀ ਸ਼ਲਾਘਾ ਕੀਤੀ। ਰਾਹੁਲ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਪੁਲਿਸ ਅਧਿਕਾਰੀਆਂ ਨੇ ਚੰਗਾ ਕੰਮ ਕੀਤਾ ਅਤੇ ਹੁਕਮਾਂ ਦੀ ਪਾਲਣਾ ਕੀਤੀ। ਇਕ ਵਿਅਕਤੀ ਆਇਆ ਅਤੇ ਬੱਸ (ਯਾਤਰਾ) ਦੇ ਸਾਹਮਣੇ ਲੇਟ ਗਿਆ। ਅਸੀਂ ਤੁਹਾਡੇ ਵਿਰੁਧ ਨਹੀਂ ਹਾਂ। ਅਸੀਂ ਮੁੱਖ ਮੰਤਰੀ ਦੇ ਵਿਰੁਧ ਹਾਂ ਜੋ ਸੱਭ ਤੋਂ ਭ੍ਰਿਸ਼ਟ ਹੈ। ਸਾਡੀ ਲੜਾਈ ਉਨ੍ਹਾਂ ਨਾਲ ਹੈ।’’ ਰਾਹੁਲ ਨੇ ਕਿਹਾ ਕਿ ਪੁਲਿਸ ਵਾਲੇ ਵੀ ਉਨ੍ਹਾਂ ਦੇ ਭਾਸ਼ਣ ਲਈ ਤਾੜੀਆਂ ਵਜਾ ਰਹੇ ਹਨ ਪਰ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।
ਕਾਂਗਰਸ ਦੀ ਸੂਬਾ ਇਕਾਈ ਦੇ ਇੰਚਾਰਜ ਜਿਤੇਂਦਰ ਸਿੰਘ ਨੇ ਕਿਹਾ, ‘‘ਅਸੀਂ ਬੈਰੀਕੇਡ ਤੋੜ ਕੇ ਜਿੱਤ ਹਾਸਲ ਕੀਤੀ ਹੈ।’’ ਬਾਅਦ ’ਚ ਰਾਹੁਲ ਨਿਰਧਾਰਤ ਰਸਤੇ ਤੋਂ ਰਿੰਗ ਰੋਡ ’ਤੇ ਅੱਗੇ ਵਧੇ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਪਹਿਲਾਂ ਕਿਹਾ ਸੀ ਕਿ ਸੜਕਾਂ ’ਤੇ ਭੀੜ ਤੋਂ ਬਚਣ ਲਈ ਯਾਤਰਾ ਨੂੰ ਸ਼ਹਿਰ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਸੋਮਵਾਰ ਨੂੰ ਮੇਘਾਲਿਆ ’ਚ ਦਾਖਲ ਹੋਣ ਤੋਂ ਬਾਅਦ, ਯਾਤਰਾ ਇਸ ਹਿੱਸੇ ’ਚ ਅਪਣੇ ਆਖਰੀ ਪੜਾਅ ਲਈ ਅਸਾਮ ਵਾਪਸ ਆਈ ਅਤੇ ਰਾਜ ਦੇ ਸੱਭ ਤੋਂ ਵੱਡੇ ਸ਼ਹਿਰ ਗੁਹਾਟੀ ਦੇ ਬਾਹਰੀ ਇਲਾਕਿਆਂ ’ਚੋਂ ਲੰਘੇਗੀ। ਇਹ ਯਾਤਰਾ ਵੀਰਵਾਰ ਤਕ ਜਾਰੀ ਰਹੇਗੀ।
ਰਾਹਲ ਗਾਂਧੀ ਦਾ ਦਾਅਵਾ : ਗ੍ਰਹਿ ਮੰਤਰੀ ’ਤੇ ਨਿੱਜੀ ਯੂਨੀਵਰਸਿਟੀ ’ਚ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਰੋਕਿਆ
ਗੁਹਾਟੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਹੁਕਮਾਂ ’ਤੇ ਉਨ੍ਹਾਂ ਨੂੰ ‘ਭਾਰਤ ਜੋੜੋ ਨਿਆਂ ਯਾਤਰਾ’ ਦੌਰਾਨ ਮੇਘਾਲਿਆ ਦੀ ਇਕ ਨਿੱਜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਦਿਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਅਸਾਮ ਦੇ ਮੁੱਖ ਮੰਤਰੀ ਦਫ਼ਤਰ ਰਾਹੀਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਇਹ ਹੁਕਮ ਦਿਤੇ ਹਨ।
ਅਸਾਮ-ਮੇਘਾਲਿਆ ਸਰਹੱਦ ਦੇ ਦੌਰੇ ਦੌਰਾਨ ਬੱਸ ਤੋਂ ਵਿਦਿਆਰਥੀਆਂ ਅਤੇ ਹੋਰਨਾਂ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ‘‘ਮੈਂ ਤੁਹਾਡੀ ਯੂਨੀਵਰਸਿਟੀ ਆਉਣਾ ਚਾਹੁੰਦਾ ਸੀ ਅਤੇ ਤੁਹਾਡੀ ਗੱਲ ਸੁਣਨ ਲਈ ਤੁਹਾਨੂੰ ਸੰਬੋਧਨ ਕਰਨਾ ਚਾਹੁੰਦਾ ਸੀ। ਪਰ ਭਾਰਤ ਦੇ ਗ੍ਰਹਿ ਮੰਤਰੀ ਨੇ ਅਸਾਮ ਦੇ ਮੁੱਖ ਮੰਤਰੀ ਨੂੰ ਬੁਲਾਇਆ ਅਤੇ ਮੁੱਖ ਮੰਤਰੀ ਦਫ਼ਤਰ ਨੇ ਯੂਨੀਵਰਸਿਟੀ ਲੀਡਰਸ਼ਿਪ ਨੂੰ ਬੁਲਾਇਆ ਅਤੇ ਕਿਹਾ ਕਿ ਰਾਹੁਲ ਗਾਂਧੀ ਨੂੰ ਵਿਦਿਆਰਥੀਆਂ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ।’’
ਰਾਹੁਲ ਗਾਂਧੀ ਨੇ ਮੰਗਲਵਾਰ ਸਵੇਰੇ ਅਸਾਮ ਦੀ ਸਰਹੱਦ ਨਾਲ ਲਗਦੇ ਮੇਘਾਲਿਆ ਦੇ ਰੀ-ਭੋਈ ਜ਼ਿਲ੍ਹੇ ਦੇ ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨਾਲੋਜੀ ਮੇਘਾਲਿਆ ’ਚ ਵਿਦਿਆਰਥੀਆਂ, ਸਿਵਲ ਸੁਸਾਇਟੀ ਮੈਂਬਰਾਂ ਅਤੇ ਪਾਰਟੀ ਨੇਤਾਵਾਂ ਨਾਲ ਵੱਖਰੇ ਤੌਰ ’ਤੇ ਗੱਲਬਾਤ ਕਰਨੀ ਸੀ। ਕਾਂਗਰਸ ਨੇ ਸੋਮਵਾਰ ਦੁਪਹਿਰ ਨੂੰ ਨਿੱਜੀ ਯੂਨੀਵਰਸਿਟੀ ਵਿਚ ਸਮਾਗਮਾਂ ਦਾ ਐਲਾਨ ਕੀਤਾ ਪਰ ਬਾਅਦ ਵਿਚ ਦਸਿਆ ਕਿ ਇਹ ਇਕ ਹੋਟਲ ਵਿਚ ਕੀਤੇ ਜਾਣਗੇ ਕਿਉਂਕਿ ਯੂਨੀਵਰਸਿਟੀ ਨੇ ਸਮਾਗਮਾਂ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿਤਾ ਸੀ।
ਰਾਹੁਲ ਗਾਂਧੀ ਮਨੀਪੁਰ ਤੋਂ ਮੁੰਬਈ ਤਕ ਕਾਂਗਰਸ ਦੀ ਨਿਆਂ ਯਾਤਰਾ ਦੀ ਅਗਵਾਈ ਕਰ ਰਹੇ ਹਨ, ਜੋ ਅਪਣੀ ਯਾਤਰਾ ਦੇ ਦੂਜੇ ਅਤੇ ਆਖਰੀ ਪੜਾਅ ਵਿਚ ਮੰਗਲਵਾਰ ਨੂੰ ਮੇਘਾਲਿਆ ਤੋਂ ਅਸਾਮ ਵਿਚ ਦਾਖਲ ਹੋਈ ਸੀ। ਰਾਹੁਲ ਨੇ ਕਿਹਾ, ‘‘ਰਾਹੁਲ ਗਾਂਧੀ ਆਉਂਦੇ ਹਨ ਜਾਂ ਨਹੀਂ, ਇਹ ਮਹੱਤਵਪੂਰਨ ਨਹੀਂ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਜਿਸ ਵੀ ਵਿਅਕਤੀ ਨੂੰ ਸੁਣਨਾ ਚਾਹੁੰਦੇ ਹੋ ਉਸ ਦੀ ਤੁਹਾਨੂੰ ਇਜਾਜ਼ਤ ਦਿਤੀ ਜਾਵੇ।’’
ਉਨ੍ਹਾਂ ਸੜਕ ਕਿਨਾਰੇ ਖੜ੍ਹੇ ਵਿਦਿਆਰਥੀਆਂ ਅਤੇ ਨੌਜੁਆਨਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਦਾ ਇੱਥੇ ਆਉਣਾ ਵੱਧ ਮਹੱਤਵਪੂਰਨ ਨਹੀਂ ਹੈ। ਇਹ ਇਸ ਬਾਰੇ ਹੈ ਕਿ ਤੁਹਾਨੂੰ ਅਪਣੀ ਇੱਛਾ ਅਨੁਸਾਰ ਸੋਚਣ ਦੀ ਇਜਾਜ਼ਤ ਨਹੀਂ ਦਿਤੀ ਜਾਂਦੀ।’’ਉਨ੍ਹਾਂ ਕਿਹਾ, ‘‘ਤੁਸੀਂ ਇੱਥੇ ਇਸ ਲਈ ਆਏ ਹੋ ਕਿਉਂਕਿ ਮੁੱਖ ਮੰਤਰੀ ਜੋ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਸ ਨਾਲ ਤੁਸੀਂ ਸਹਿਮਤ ਨਹੀਂ ਹੋ। ਤੁਸੀਂ ਗੁਲਾਮ ਅਸਾਮ ਨੂੰ ਮਨਜ਼ੂਰ ਕਰਨ ਲਈ ਤਿਆਰ ਨਹੀਂ ਹੋ ਅਤੇ ਮੈਨੂੰ ਇਸ ’ਤੇ ਬਹੁਤ ਮਾਣ ਹੈ।’’
ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਵਰ੍ਹਦਿਆਂ ਉਨ੍ਹਾਂ ਕਿਹਾ, ‘‘ਉਹ ਤੁਹਾਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ ਪਰ ਮੈਂ ਜਾਣਦਾ ਹਾਂ ਕਿ ਬ੍ਰਹਿਮੰਡ ਦੀ ਕੋਈ ਵੀ ਤਾਕਤ ਅਜਿਹਾ ਨਹੀਂ ਕਰ ਸਕਦੀ। ਇਹ ਸਿਰਫ ਅਸਾਮ ’ਚ ਹੀ ਨਹੀਂ ਬਲਕਿ ਭਾਰਤ ਦੇ ਹਰ ਸਕੂਲ, ਕਾਲਜ, ਯੂਨੀਵਰਸਿਟੀ ’ਚ ਹੋ ਰਿਹਾ ਹੈ ਜਿੱਥੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਸੋਚਣ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ ਹੈ।’’
ਕਾਂਗਰਸ ਨੇਤਾ ਨੇ ਕਿਹਾ, ‘‘ਤੁਸੀਂ ਇਸ ਦੇਸ਼ ਦਾ ਭਵਿੱਖ ਹੋ ਅਤੇ ਇਸ ਦੇਸ਼ ਲਈ ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਡੇ ’ਚੋਂ ਹਰ ਕਿਸੇ ਨੂੰ ਸੁਤੰਤਰ ਤੌਰ ’ਤੇ ਸੋਚਣ, ਸੁਤੰਤਰ ਤੌਰ ’ਤੇ ਵਿਸ਼ਵਾਸ ਕਰਨ, ਸੁਤੰਤਰ ਤੌਰ ’ਤੇ ਕਲਪਨਾ ਕਰਨ ਅਤੇ ਉਹ ਜ਼ਿੰਦਗੀ ਜਿਉਣ ਦੀ ਇਜਾਜ਼ਤ ਹੈ ਜੋ ਤੁਸੀਂ ਚਾਹੁੰਦੇ ਹੋ ਅਤੇ ਕੋਈ ਹੋਰ ਨਹੀਂ ਚਾਹੁੰਦਾ।’’ਉਨ੍ਹਾਂ ਕਿਹਾ, ‘‘ਕੋਈ ਵੀ ਤੁਹਾਨੂੰ ਅਪਣੀ ਪਸੰਦ ਦੀ ਕੋਈ ਵੀ ਭਾਸ਼ਾ ਪੜ੍ਹਨ ਅਤੇ ਲਿਖਣ ਤੋਂ ਨਹੀਂ ਰੋਕ ਸਕਦਾ, ਕੋਈ ਵੀ ਤੁਹਾਨੂੰ ਤੁਹਾਡੀ ਪਰੰਪਰਾ, ਸਭਿਆਚਾਰ ਜਾਂ ਇਤਿਹਾਸ ਬਾਰੇ ਪੜ੍ਹਨ ਜਾਂ ਸੁਣਨ ਤੋਂ ਨਹੀਂ ਰੋਕ ਸਕਦਾ।’’
ਭੀੜ ਨੂੰ ਬੈਰੀਕੇਡ ਤੋੜਨ ਲਈ ਭੜਕਾਉਣ ਲਈ ਰਾਹੁਲ ਗਾਂਧੀ ਵਿਰੁਧ ਕੇਸ ਦਰਜ ਕਰਨ ਦੇ ਹੁਕਮ : ਹਿਮੰਤ
ਗੁਹਾਟੀ: ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸੂਬੇ ਦੇ ਪੁਲਿਸ ਡਾਇਰੈਕਟਰ ਜਨਰਲ ਜੀ.ਪੀ. ਸਿੰਘ ਨੂੰ ਭੀੜ ਨੂੰ ਬੈਰੀਕੇਡ ਤੋੜਨ ਲਈ ਉਕਸਾਉਣ ਲਈ ਰਾਹੁਲ ਗਾਂਧੀ ਵਿਰੁਧ ਮਾਮਲਾ ਦਰਜ ਕਰਨ ਦੇ ਹੁਕਮ ਦਿਤੇ ਹਨ। ਯੂਥ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, ‘‘ਮੈਂ ਅਸਾਮ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਭੀੜ ਨੂੰ ਭੜਕਾਉਣ ਲਈ ਤੁਹਾਡੇ ਨੇਤਾ ਰਾਹੁਲ ਗਾਂਧੀ ਵਿਰੁਧ ਕੇਸ ਦਰਜ ਕਰਨ ਦੇ ਹੁਕਮ ਦਿਤੇ ਹਨ।’’
ਸ਼ਰਮਾ ਨੇ ਕਿਹਾ ਕਿ ਸ੍ਰੀਨਿਵਾਸ ਨੇ ਅਪਣੇ ਅਕਾਊਂਟ ’ਤੇ ਜੋ ਵੀਡੀਉ ਪੋਸਟ ਕੀਤੀ ਹੈ, ਉਸ ਨੂੰ ਸਬੂਤ ਵਜੋਂ ਵਰਤਿਆ ਜਾਵੇਗਾ। ਉਨ੍ਹਾਂ ਕਿਹਾ, ‘‘ਇਹ ਅਸਾਮ ਦੇ ਸਭਿਆਚਾਰ ਦਾ ਹਿੱਸਾ ਨਹੀਂ ਹੈ। ਅਸੀਂ ਇਕ ਸ਼ਾਂਤੀਪੂਰਨ ਰਾਜ ਹਾਂ। ਅਜਿਹੀਆਂ ਨਕਸਲੀ ਚਾਲਾਂ ਸਾਡੇ ਸਭਿਆਚਾਰ ਦੇ ਬਿਲਕੁਲ ਉਲਟ ਹਨ। ਉਨ੍ਹਾਂ ਕਿਹਾ ਕਿ ਤੁਹਾਡੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਅਤੇ ਹਦਾਇਤਾਂ ਦੀ ਉਲੰਘਣਾ ਕਾਰਨ ਗੁਹਾਟੀ ਦੀਆਂ ਸੜਕਾਂ ’ਤੇ ਭਾਰੀ ਜਾਮ ਲੱਗ ਗਿਆ ਹੈ।’’