Hyderabad News: ਪਤੀ ਨੇ ਗੁੱਸੇ ’ਚ ਪਤਨੀ ਦਾ ਕੀਤਾ ਕਤਲ, ਲਾਸ਼ ਦੇ ਟੁਕੜੇ ਕਰ ਕੇ ਪ੍ਰੈਸ਼ਰ ਕੁੱਕਰ ਵਿਚ ਉਬਾਲੇ
Hyderabad News: ਮਾਸ ਅਤੇ ਹੱਡੀਆਂ ਨੂੰ ਤਿੰਨ ਦਿਨਾਂ ਤਕ ਪਕਾਉਣ ਤੋਂ ਬਾਅਦ ਨੇੜੇ ਦੀ ਝੀਲ ਵਿਚ ਸੁੱਟਿਆ
Hyderabad News: ਹੈਦਰਾਬਾਦ ’ਚ ਇਨਸਾਨੀਅਤ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਵਿਅਕਤੀ ’ਤੇ ਅਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰਨ ਦਾ ਦੋਸ਼ ਲੱਗਾ ਹੈ। ਇਸ ਤੋਂ ਬਾਅਦ ਉਨ੍ਹਾਂ ਟੁਕੜਿਆਂ ਨੂੰ ਪ੍ਰੈਸ਼ਰ ਕੁੱਕਰ ’ਚ ਉਬਾਲ ਦਿਤਾ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਫ਼ਿਲਹਾਲ ਪੁਲਿਸ ਵੀ ਹਰ ਕੋਣ ਤੋਂ ਇਸ ਮਾਮਲੇ ਦੀ ਤਹਿ ਤਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ।
ਹਿਰਾਸਤ ਵਿਚ ਲਏ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਲਾਸ਼ ਦੇ ਟੁਕੜਿਆਂ ਨੂੰ ਉਬਾਲਿਆ ਅਤੇ ਫਿਰ ਝੀਲ ਵਿਚ ਸੁੱਟ ਦਿਤਾ। ਦਸਣਯੋਗ ਹੈ ਕਿ ਔਰਤ ਦੇ ਲਾਪਤਾ ਹੋਣ ਦੀ ਸੂਚਨਾ ਕਰੀਬ ਇਕ ਹਫ਼ਤਾ ਪਹਿਲਾਂ ਮਿਲੀ ਸੀ ਅਤੇ ਉਸ ਦੇ ਮਾਪਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਕਤਲ ਦਾ ਦੋਸ਼ੀ ਵਿਅਕਤੀ ਫ਼ੌਜ ਤੋਂ ਸੇਵਾਮੁਕਤ ਹੈ। ਫ਼ਿਲਹਾਲ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਹੈ। ਪੁਲਿਸ ਨੇ ਦਸਿਆ ਕਿ ਵਿਅਕਤੀ ’ਤੇ ਅਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਅਪਰਾਧ ਕਰਨ ਦਾ ਸ਼ੱਕ ਹੈ ਅਤੇ ਜਾਂਚ ਦੌਰਾਨ ਪੂਰੇ ਵੇਰਵੇ ਸਾਹਮਣੇ ਆਉਣਗੇ।
ਦਸਣਯੋਗ ਹੈ ਕਿ 35 ਸਾਲਾ ਪੁੱਟਾਵੇਂਕਟ ਮਾਧਵੀ 18 ਜਨਵਰੀ ਨੂੰ ਲਾਪਤਾ ਹੋ ਗਈ ਸੀ। ਉਸ ਦੇ ਪਰਵਾਰ ਨੇ ਉਸ ਦੇ ਪਤੀ ਗੁਰੂਮੂਰਤੀ ਤੋਂ ਉਸ ਬਾਰੇ ਪੁਛ ਗਿਛ ਕੀਤੀ ਸੀ। ਮਾਧਵੀ ਦੇ ਮਾਤਾ-ਪਿਤਾ ਨੇ ਮੀਰਪੇਟ ਪੁਲਿਸ ਸਟੇਸ਼ਨ ’ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਕੁਝ ਦਿਨ ਪਹਿਲਾਂ ਕਿਸੇ ਰਿਸ਼ਤੇਦਾਰ ਦੇ ਘਰ ਜਾਣ ਨੂੰ ਲੈ ਕੇ ਉਸ ਨਾਲ ਹੋਈ ਬਹਿਸ ਤੋਂ ਬਾਅਦ ਗੁੱਸੇ ਵਿਚ ਘਰ ਛੱਡ ਕੇ ਚਲੀ ਗਈ ਸੀ। ਗੁਰੂਮੂਰਤੀ ਨੂੰ ਪੁਛ ਗਿਛ ਲਈ ਮੀਰਪੇਟ ਥਾਣੇ ਲਿਜਾਇਆ ਗਿਆ, ਜਿੱਥੇ ਉਸ ਨੇ ਕਥਿਤ ਤੌਰ ’ਤੇ ਗੁੱਸੇ ’ਚ ਕਤਲ ਦੀ ਗੱਲ ਕਬੂਲ ਕਰ ਲਈ।
ਪੁਲਿਸ ਸੂਤਰਾਂ ਨੇ ਦਸਿਆ ਕਿ ਉਸਨੇ ਸਬੂਤ ਨਸ਼ਟ ਕਰਨ ਲਈ ਬਾਥਰੂਮ ਵਿਚ ਲਾਸ਼ ਦੇ ਟੁਕੜੇ ਕਰ ਦਿਤੇ। ਇਸ ਤੋਂ ਬਾਅਦ ਇਨ੍ਹਾਂ ਟੁਕੜਿਆਂ ਨੂੰ ਚੁੱਲ੍ਹੇ ’ਤੇ ਕੁਕਰ ’ਚ ਉਬਾਲ ਲਿਆ। ਇਸ ਤੋਂ ਬਾਅਦ ਹੱਡੀਆਂ ਨੂੰ ਵੱਖ ਕਰ ਦਿਤਾ। ਇਸ ਤੋਂ ਬਾਅਦ ਇਨ੍ਹਾਂ ਨੂੰ ਪੀਸ ਕੇ ਦੁਬਾਰਾ ਉਬਾਲਿਆ। ਮਾਸ ਅਤੇ ਹੱਡੀਆਂ ਨੂੰ ਤਿੰਨ ਦਿਨਾਂ ਤਕ ਪਕਾਉਣ ਤੋਂ ਬਾਅਦ ਉਸਨੇ ਉਨ੍ਹਾਂ ਨੂੰ ਇਕ ਥੈਲੇ ਵਿਚ ਪੈਕ ਕੀਤਾ ਅਤੇ ਨੇੜੇ ਦੀ ਝੀਲ ਵਿਚ ਸੁੱਟ ਦਿਤਾ।
ਬੁਧਵਾਰ ਦੇਰ ਰਾਤ ਤਕ ਪੁਲਿਸ ਨੂੰ ਮੀਰਪੇਟ ਝੀਲ ਵਿਚ ਪੀੜਤ ਦੇ ਅਵਸ਼ੇਸ਼ ਨਹੀਂ ਮਿਲੇ ਸਨ, ਜਿੱਥੇ ਗੁਰੂਮੂਰਤੀ ਨੇ ਦਾਅਵਾ ਕੀਤਾ ਕਿ ਉਸਨੇ ਸਰੀਰ ਦੇ ਕੁਚਲੇ ਅੰਗਾਂ ਵਾਲਾ ਇਕ ਬੈਗ ਸੁੱਟਿਆ ਸੀ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਹੋਰ ਵਿਆਪਕ ਤਲਾਸ਼ੀ ਲਈ ਟਰੇਸ ਟੀਮਾਂ ਅਤੇ ਕੁੱਤਿਆਂ ਦੇ ਦਸਤੇ ਤਾਇਨਾਤ ਕੀਤੇ ਗਏ ਹਨ। ਮੀਰਪੇਟ ਦੇ ਐਸਐਚਓ ਕੇ ਨਾਗਾਰਾਜੂ ਨੇ ਕਿਹਾ ਕਿ ਪੁਲਿਸ ਅਜੇ ਵੀ ਲਾਪਤਾ ਵਿਅਕਤੀ ਦੇ ਕੇਸ ਵਜੋਂ ਇਸਦੀ ਜਾਂਚ ਕਰ ਰਹੀ ਹੈ ਕਿਉਂਕਿ ਸ਼ੱਕੀ ਕਤਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ।