Undocumented Indians in US: ਬਿਨਾਂ ਕਾਗਜ਼ਾਂ ਦੇ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਜੈਸ਼ੰਕਰ ਨੇ ਕੀਤਾ ਅਹਿਮ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

Undocumented Indians in US: ਵਿਦੇਸ਼ ਮੰਤਰੀ ਨੇ ਕਿਹਾ, ਗ਼ੈਰ-ਦਸਤਾਵੇਜ਼ ਭਾਰਤੀਆਂ ਦੀ ਕਾਨੂੰਨੀ ਵਾਪਸੀ ਲਈ ਭਾਰਤ ਹਮੇਸ਼ਾ ਤਿਆਰ 

India always open to legitimate return of undocumented Indians: Jaishankar

 

Undocumented Indians in US: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ’ਚ ਆਉਂਦੇ ਹੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਰੁਧ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਇਸ ਕਾਰਨ ਅਮਰੀਕਾ ਵਿਚ ਰਹਿ ਰਹੇ ਉਹ ਪ੍ਰਵਾਸੀ ਜਿਨ੍ਹਾਂ ਦੇ ‘ਕਾਗ਼ਜ਼’ ਯਾਨੀ ਵੀਜ਼ਾ ਦਸਤਾਵੇਜ਼ ਪੂਰੇ ਨਹੀਂ ਹਨ, ਚਿੰਤਾ ਵਿਚ ਹਨ। ਇਨ੍ਹਾਂ ਲੋਕਾਂ ਨੇ ਕਾਨੂੰਨੀ ਵਿਕਲਪਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿਤਾ ਹੈ। ਭਾਰਤ ਵਿਚ ਵੀ ਇਸ ਨੂੰ ਲੈ ਕੇ ਚਿੰਤਾ ਹੈ। ਭਾਰਤ ਨੇ ਇਸ ’ਤੇ ਅਪਣਾ ਸਟੈਂਡ ਸਪੱਸ਼ਟ ਕਰ ਦਿਤਾ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਨਵੀਂ ਦਿੱਲੀ ਅਮਰੀਕਾ ਸਮੇਤ ਵਿਦੇਸ਼ਾਂ ’ਚ ‘ਗ਼ੈਰ-ਕਾਨੂੰਨੀ ਢੰਗ ਨਾਲ’ ਰਹਿ ਰਹੇ ਭਾਰਤੀ ਨਾਗਰਿਕਾਂ ਦੀ ‘ਕਾਨੂੰਨੀ ਵਾਪਸੀ’ ਲਈ ਤਿਆਰ ਹੈ। ਇਸ ਮੁੱਦੇ ’ਤੇ ਭਾਰਤ ਦੀ ਸਥਿਤੀ ਸਿਧਾਂਤਕ ਰਹੀ ਹੈ। 

ਅਮਰੀਕਾ ਵਿਚ 20,000 ਤੋਂ ਵੱਧ ਭਾਰਤੀ ਹਨ, ਜੋ ਬਿਨਾਂ ਕਿਸੇ ਦਸਤਾਵੇਜ਼ ਦੇ ਅਮਰੀਕਾ ਵਿਚ ਮੌਜੂਦ ਹਨ। ਖਦਸ਼ਾ ਹੈ ਕਿ ਅਮਰੀਕਾ ਇਨ੍ਹਾਂ ਲੋਕਾਂ ਨੂੰ ਭਾਰਤ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਭਾਰਤ ਸਰਕਾਰ ਵੀ ਇਸ ਮਾਮਲੇ ’ਤੇ ਟਰੰਪ ਪ੍ਰਸ਼ਾਸਨ ਨਾਲ ਸਹਿਯੋਗ ਕਰਨਾ ਚਾਹੁੰਦੀ ਹੈ। 

ਜੈਸ਼ੰਕਰ ਨੇ ਬੁਧਵਾਰ (ਸਥਾਨਕ ਸਮੇਂ) ਨੂੰ ਵਾਸ਼ਿੰਗਟਨ ਡੀਸੀ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ,‘‘ਅਸੀਂ ਹਮੇਸ਼ਾ ਇਹ ਮੰਨਦੇ ਹਾਂ ਕਿ ਜੇਕਰ ਸਾਡੇ ਨਾਗਰਿਕਾਂ ’ਚੋਂ ਕੋਈ ਕਾਨੂੰਨੀ ਤੌਰ ’ਤੇ ਇੱਥੇ ਨਹੀਂ ਹੈ ਅਤੇ ਜੇਕਰ ਸਾਨੂੰ ਯਕੀਨ ਹੈ ਕਿ ਉਹ ਸਾਡੇ ਨਾਗਰਿਕ ਹਨ, ਤਾਂ ਅਸੀਂ ਉਨ੍ਹਾਂ ਦੀ ਕਾਨੂੰਨੀ ਵਾਪਸੀ ਲਈ ਹਮੇਸ਼ਾ ਤਿਆਰ ਹਾਂ। ਉਨ੍ਹਾਂ ਕਿਹਾ, ‘‘ਮੈਂ ਸਮਝਦਾ ਹਾਂ ਕਿ ਇਸ ਸਮੇਂ ਇਕ ਖ਼ਾਸ ਬਹਿਸ ਚੱਲ ਰਹੀ ਹੈ ਅਤੇ ਇਸ ਦੇ ਨਤੀਜੇ ਵਜੋਂ ਇਕ ਸੰਵੇਦਨਸ਼ੀਲਤਾ ਪੈਦਾ ਹੋ ਰਹੀ ਹੈ ਪਰ ਅਸੀਂ ਇਸ ਬਾਰੇ ਇਕਸਾਰ ਰਹੇ ਹਾਂ, ਅਸੀਂ ਇਸ ਬਾਰੇ ਬਹੁਤ ਸਿਧਾਂਤਕ ਰਹੇ ਹਾਂ। ਮੈਂ ਅਮਰੀਕੀ ਵਿਦੇਸ਼ ਮੰਤਰੀ ਰਾਜ ਮਾਰਕੋ ਰੂਬੀਓ ਨੂੰ ਇਸ ਬਾਰੇ ਸਪੱਸ਼ਟ ਤੌਰ ’ਤੇ ਸੂਚਿਤ ਕੀਤਾ ਹੈ।’’

ਹਾਲਾਂਕਿ, ਜੈਸ਼ੰਕਰ ਨੇ ਇਸ ਗੱਲ ’ਤੇ ਵੀ ਜ਼ੋਰ ਦਿਤਾ ਕਿ ਭਾਰਤ ਦੋਵਾਂ ਦੇਸ਼ਾਂ ਵਿਚਕਾਰ ‘ਕਾਨੂੰਨੀ ਗਤੀਸ਼ੀਲਤਾ’ ਦਾ ਜ਼ੋਰਦਾਰ ਸਮਰਥਨ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਭਾਰਤੀ ਹੁਨਰ ਅਤੇ ਪ੍ਰਤਿਭਾ ਨੂੰ ਵਿਸ਼ਵ ਪੱਧਰ ’ਤੇ ਵਧੀਆ ਮੌਕੇ ਮਿਲਣ। ਉਨ੍ਹਾਂ ਕਿਹਾ ਕਿ ਭਾਰਤ ਗ਼ੈਰ-ਕਾਨੂੰਨੀ ਪਰਵਾਸ ਦਾ ਸਖ਼ਤ ਵਿਰੋਧ ਕਰਦਾ ਹੈ, ਇਹ ‘ਸਾਖ ਲਈ ਚੰਗਾ’ ਨਹੀਂ ਹੈ ਅਤੇ ਇਸ ਨਾਲ ਕਈ ਗ਼ੈਰ-ਕਾਨੂੰਨੀ ਗਤੀਵਿਧੀਆਂ ਹੁੰਦੀਆਂ ਹਨ। 

ਅਮਰੀਕੀ ਪ੍ਰਸ਼ਾਸਨ ਵਲੋਂ ਤਿਆਰ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਅਮਰੀਕਾ ਵਿਚ ਲਗਭਗ 20 ਹਜ਼ਾਰ ਭਾਰਤੀ ਅਜਿਹੇ ਹਨ ਜਿਨ੍ਹਾਂ ਕੋਲ ਅਮਰੀਕਾ ਵਿਚ ਰਹਿਣ ਲਈ ਲੋੜੀਂਦੇ ਜਾਇਜ਼ ਦਸਤਾਵੇਜ਼ ਨਹੀਂ ਹਨ। ਟਰੰਪ ਪ੍ਰਸ਼ਾਸਨ ਅਜਿਹੇ ਭਾਰਤੀਆਂ ਨੂੰ ਨਵੀਂ ਦਿੱਲੀ ਵਾਪਸ ਭੇਜ ਸਕਦਾ ਹੈ। ਇਹ ਨਵੀਂ ਦਿੱਲੀ ਦੀ ਚਿੰਤਾ ਦਾ ਕਾਰਨ ਹੈ।