Delhi Assembly Elections 2025: ਦਿੱਲੀ ’ਚ 70 ਵਿਚੋਂ 60 ਵਿਧਾਨ ਸਭਾ ਸੀਟਾਂ ਜਿੱਤੇਗੀ ‘ਆਪ’ : ਸੰਜੇ ਸਿੰਘ ਦਾ ਦਾਅਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

Delhi Assembly Elections 2025: ਕਿਹਾ, ਕੇਂਦਰ ਸਰਕਾਰ ਅਪਣੇ ਹਰ ਵਾਅਦੇ ਨੂੰ ਪੂਰਾ ਕਰਨ ਵਿਚ ਅਸਫ਼ਲ ਰਹੀ ਹੈ

Sanjay Singh claims: AAP will win 60 out of 70 assembly seats in Delhi

 

Delhi Assembly Elections 2025:  ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਬੁਧਵਾਰ ਨੂੰ ਭਾਜਪਾ ’ਤੇ ਹਮਲਾ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਅਪਣੇ ਹਰ ਵਾਅਦੇ ਨੂੰ ਪੂਰਾ ਕਰਨ ਵਿਚ ਅਸਫ਼ਲ ਰਹੀ ਹੈ। ਉਨ੍ਹਾਂ ਕੋਲ ਦਿੱਲੀ ਲਈ ਕੋਈ ਵਿਕਾਸ ਯੋਜਨਾ ਨਹੀਂ ਹੈ। ‘ਆਪ’ ਸਾਂਸਦ ਦਾ ਇਹ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਜਪਾ ਵਰਕਰਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ’ਚ ਹਰ ਬੂਥ ’ਤੇ 50 ਫ਼ੀ ਸਦੀ ਤੋਂ ਵੱਧ ਵੋਟਾਂ ਦਰਜ ਕਰਵਾਉਣ ਲਈ ਯਤਨ ਕਰਨ ਦੀ ਅਪੀਲ ਕਰਨ ਤੋਂ ਬਾਅਦ ਆਇਆ ਹੈ।

‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਜਵਾਬ ’ਚ ਕਿਹਾ, ‘‘ਆਪ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ’ਚੋਂ 60 ਤੋਂ ਵੱਧ ਜਿੱਤੇਗੀ। ਪੀਐੱਮ ਮੋਦੀ ਅਤੇ ਭਾਜਪਾ ‘ਜੁਮਲਿਆਂ’ (ਝੂਠੇ ਵਾਅਦਿਆਂ) ਨਾਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਭਾਜਪਾ ਕੋਲ ਦਿੱਲੀ ਦੇ ਵਿਕਾਸ ਲਈ ਕੋਈ ਠੋਸ ਯੋਜਨਾ ਨਹੀਂ ਹੈ, ਸਗੋਂ ਉਹ ਖੋਖਲੇ ਵਾਅਦਿਆਂ ਅਤੇ ਅਰਥਹੀਣ ਯੋਜਨਾਵਾਂ ’ਤੇ ਧਿਆਨ ਦੇ ਰਹੀ ਹੈ। ਉਹ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਕਰ ਸਕਦੇ। ਉਹ ਸਕੂਲ ਜਾਂ ਹਸਪਤਾਲ ਨਹੀਂ ਬਣਾ ਸਕਦੇ।’’

ਸੰਜੇ ਸਿੰਘ ਨੇ ਮੋਦੀ ਸਰਕਾਰ ਨੂੰ 2022 ਤਕ ਸਾਲਾਨਾ ਦੋ ਕਰੋੜ ਨੌਕਰੀਆਂ ਪੈਦਾ ਕਰਨ, ਹਰ ਨਾਗਰਿਕ ਨੂੰ 15 ਲੱਖ ਰੁਪਏ ਭੇਜਣ ਅਤੇ ਸਾਰਿਆਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਦੇ ਵਾਅਦਿਆਂ ਲਈ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਅਗਨੀਵੀਰ ਤਹਿਤ ਚਾਰ ਸਾਲ ਦੀ ਨੌਕਰੀ ਦਿੰਦੇ ਹਨ, ਜਿਸ ਵਿਚ ਪੁੱਤਰ ਸੇਵਾਮੁਕਤ ਹੋ ਜਾਂਦਾ ਹੈ ਜਦੋਂ ਕਿ ਉਸਦਾ ਪਿਤਾ ਕੰਮ ਕਰ ਰਿਹਾ ਹੁੰਦਾ ਹੈ। ਭਾਜਪਾ ਦੀ ਸੋਚ ਇੰਨੀ ਨੁਕਸਦਾਰ ਹੈ ਕਿ ਇਸਦੇ ਬੁਨਿਆਦੀ ਵਾਅਦੇ ਵੀ ਅਧੂਰੇ ਰਹਿ ਜਾਂਦੇ ਹਨ।