ਸ੍ਰੀ ਹਜੂਰ ਸਾਹਿਬ ਨਾਂਦੇੜ ਦੀ ਧਰਤੀ ਉਤੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ ਰਹੇ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਸ਼ਹਾਦਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦੇ ਸਬੰਧ ’ਚ 24 ਤੇ 25 ਜਨਵਰੀ ਨੂੰ ਸਮਾਗਮ
ਨਾਂਦੇੜ: ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਪਾਵਨ ਸ਼ਹਾਦਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਤਾ ਗੱਦੀ ਦੇ 350 ਸਾਲ ਪੂਰੇ ਹੋਣ ’ਤੇ ਸ੍ਰੀ ਹਜੂਰ ਸਾਹਿਬ ਨਾਂਦੇੜ ਦੀ ਧਰਤੀ ਉਤੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜੋ ਕਿ 24 ਤੇ 25 ਜਨਵਰੀ ਨੂੰ ਇੱਕ ਵੱਡੇ ਪੰਡਾਲ ਵਿੱਚ ਹੋ ਰਹੇ ਹਨ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਉਹਨਾਂ ਦੇ ਸੂਰਬੀਰ ਸਿੱਖਾਂ ਦੀਆਂ ਮਹਾਨ ਸ਼ਹਾਦਤਾਂ ਨੂੰ ਯਾਦ ਕਰਦਿਆਂ ਕੇਂਦਰ ਸਰਕਾਰ, ਮਹਾਰਾਸ਼ਟਰ ਸਰਕਾਰ ਤੇ ਗੁਰਦੁਆਰਾ ਤਖਤ ਸੱਚਖੰਡ ਸ਼੍ਰੀ ਹਜੂਰ ਅਬਚਲ ਨਗਰ ਸਾਹਿਬ ਬੋਰਡ ਵੱਲੋਂ ਸੰਯੁਕਤ ਤੌਰ ’ਤੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ। ਜਿਨ੍ਹਾਂ ਵਿੱਚ ਸਿੱਖ ਪੰਥ ਦੇ ਅਨਿੱਖੜਵੇਂ ਅੰਗ, ਪੰਥ ਨਾਲ ਜੁੜੇ ਸ਼ਿਕਲੀਗਰ, ਵਣਜਾਰਾ, ਸਿੰਧੀ ਤੇ ਹੋਰ ਭਾਈਚਾਰੇ ਦੇ ਲੋਕ ਲੱਖਾਂ ਦੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ।
ਤਖਤ ਸ੍ਰੀ ਹਜ਼ੂਰ ਸਾਹਿਬ ਦੇ ਮਾਨਯੋਗ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਧੁੰਮਾਂ ਤੇ ਗੁਰਦੁਆਰਾ ਬੋਰਡ ਦੇ ਮੁੱਖ ਸੇਵਾਦਾਰ ਪ੍ਰਸ਼ਾਸਕ ਡਾਕਟਰ ਵਿਜੇ ਸਤਬੀਰ ਸਿੰਘ ਜੀ ਸਾਬਕਾ ਆਈ.ਏ.ਐਸ ਵੱਲੋਂ ਉਲੀਕੇ ਗਏ ਵਿਸ਼ੇਸ਼ ਪ੍ਰੋਗਰਾਮਾ ਦੇ ਤਹਿਤ ਕੱਲ੍ਹ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਸਲੋਕ ਮਹਲਾ ੯, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਪਾਵਨ ਬਾਣੀ ਦਾ ਗਾਇਨ ਵੱਖ ਵੱਖ ਸਕੂਲਾਂ ਦੇ 350 ਬੱਚਿਆਂ ਵੱਲੋਂ ਸਮੂਹਿਕ ਰੂਪ ਵਿੱਚ ਕੀਤਾ ਗਿਆ।