ਬਿਹਾਰ: ਕਾਰ ਤੇ ਟਰੱਕ ਵਿਚਾਲੇ ਭਿਆਨਕ ਟੱਕਰ, ਛੇ ਦੀ ਮੌਤ, ਪੀਐਮ ਮੋਦੀ ਨੇ ਜ਼ਾਹਰ ਕੀਤਾ ਦੁੱਖ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁਰਸੇਲਾ ਥਾਣਾ ਖੇਤਰ ਦੇ ਨੈਸ਼ਨਲ ਹਾਈਵੇਅ 31 ਨੇੜੇ ਵਾਪਰਿਆ ਹਾਦਸਾ

Collision between a truck and an SUV car in bihar

ਪਟਨਾ: ਬਿਹਾਰ ਦੇ ਕਟਿਹਾਰ ਵਿਚ ਭਿਆਨਕ ਸੜਕ ਹਾਦਸੇ ਦੌਰਾਨ ਛੇ ਲੋਕਾਂ ਦੀ ਮੌਤ ਅਤੇ ਤਿੰਨ ਲੋਕ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਭਿਆਨਕ ਹਾਦਸਾ ਕੁਰਸੇਲਾ ਥਾਣਾ ਖੇਤਰ ਦੇ ਨੈਸ਼ਨਲ ਹਾਈਵੇਅ 31 ਨੇੜੇ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਏ ਲੋਕ ਸਮਸਤੀਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਦਰਅਸਲ ਇੱਥੇ ਸਥਿਤ ਪੁਲ ’ਤੇ ਤੇਜ਼ ਰਫ਼ਤਾਰ ਟਰੱਕ ਅਤੇ ਐਸਯੂਵੀ ਵਿਚਾਲੇ ਭਿਆਨਕ ਟੱਕਰ ਹੋਈ। ਇਸ ਦੌਰਾਨ ਕਾਰ ਵਿਚ ਸਵਾਰ ਨੌ ਲੋਕਾਂ ਵਿਚੋਂ ਛੇ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਦੱਸ ਦਈਏ ਕਿ ਘਟਨਾ ਵਿਚ ਜ਼ਖਮੀ ਲੋਕਾਂ ਦਾ ਇਲਾਜ ਜਾਰੀ ਹੈ।

ਉੱਥੇ ਹੀ ਸਥਾਨਕ ਪ੍ਰਸ਼ਾਸਨ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਸਵਾਰ ਪਰਿਵਾਰ ਅਪਣੀ ਲੜਕੀ ਦੇ ਵਿਆਹ ਲਈ ਲੜਕਾ ਦੇਖਣ ਫੁਲਵਰੀਆ ਆਇਆ ਸੀ। ਉਹ ਲੜਕਾ ਦੇਖਣ ਤੋਂ ਬਾਅਦ ਵਾਪਸ ਘਰ ਜਾ ਰਹੇ ਸੀ। ਇਸ ਦੌਰਾਨ ਭਿਆਨਕ ਹਾਦਸਾ ਵਾਪਰ ਗਿਆ। ਪੁਲਿਸ ਅਨੁਸਾਰ ਇਹ ਹਾਦਸਾ ਸਵੇਰੇ 4 ਵਜੇ ਵਾਪਰਿਆ ਹੈ।   

ਪੀਐਮ ਮੋਦੀ ਵੱਲੋਂ ਹਾਦਸੇ ਤੇ ਕੀਤਾ ਗਿਆ ਦੁੱਖ ਦਾ ਪ੍ਰਗਟਾਵਾ

ਇਸ ਘਟਨਾ ’ਤੇ ਪੀਐਮ ਦਫ਼ਤਰ ਵੱਲੋਂ ਟਵੀਟ ਕੀਤਾ ਗਿਆ। ਟਵੀਟ ਵਿਚ ਪੀਐਮ ਮੋਦੀ ਨੇ ਕਿਹਾ ਕਟਿਹਾਰ ਵਿਚ ਹੋਏ ਸੜਕ ਹਾਦਸੇ ਵਿਚ ਕੁਝ ਲੋਕਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਮੈਂ ਉਹਨਾਂ ਸਾਰੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ। ਇਸ ਦੇ ਨਾਲ ਹੀ ਜ਼ਖਮੀਆਂ ਦੇ ਜਲਦ ਤੋਂ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ।