ਪੱਛਮੀ ਬੰਗਾਲ 'ਚ BJP ਤੇ TMC ਵਿਚਾਲੇ ਵਧਿਆ ਤਣਾਅ, PM ਮੋਦੀ ਦੀ ਰੈਲੀ ਵਾਲੀ ਥਾਂ ਦਾ ਕੀਤਾ ਸ਼ੁੱਧੀਕਰਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਅਤੇ ਸੱਤਾਧਾਰੀ ਧਿਰ ਤ੍ਰਿਣਮੂਲ ਕਾਂਗਰਸ ਵਿਚਾਲੇ ਸ਼ਬਦੀ ਜੰਗ ਸ਼ੁਰੂ

MP Nariner Modi

ਹੁਗਲੀ: ਚੱਲ ਰਹੀ ਕਿਸਾਨੀ ਅੰਦੋਲਨ ਦੌਰਾਨ ਜਿੱਥੇ ਭਾਜਪਾ ਦਾ ਸਾਰਾ ਜ਼ੋਰ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਣ 'ਤੇ ਲੱਗਾ ਹੋਇਆ ਹੈ, ਉੱਥੇ ਹੀ ਪੱਛਮੀ ਬੰਗਾਲ ਦੀ ਸੱਤਾਧਾਰੀ ਧਿਰ ਸਮੇਤ ਸਰਕਾਰ ਤੋਂ ਨਰਾਜ਼ ਧਿਰਾਂ ਇਸ ਦਾ ਰਸਤਾ ਰੋਕਣ ਲਈ ਇਕਜੁਟ ਹੋਣ ਲੱਗੀਆਂ ਹਨ। ਜਿਉਂ ਜਿਉਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, BJP ਅਤੇ TMC ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਦੋਵੇਂ ਧਿਰਾਂ ਵਿਚਾਲੇ ਸ਼ਬਦੀ ਜੰਗ ਆਪਣੀ ਚਰਮ-ਸੀਮਾ 'ਤੇ ਪਹੁੰਚ ਚੁੱਕੀ ਹੈ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਹੁਗਲੀ ਜ਼ਿਲ੍ਹੇ  ਵਿਚ ਜਿਸ ਥਾਂ 'ਤੇ ਰੈਲੀ ਕੀਤੀ ਸੀ, ਉਸ ਥਾਂ 'ਤੇ ਇਕ ਦਿਨ ਬਾਅਦ ਸੱਤਾਧਾਰੀ ਧਿਰ ਤ੍ਰਿਣਮੂਲ ਕਾਂਗਰਸ ਨੇ ਸ਼ੁੱਧੀਕਰਨ ਕਰਵਾਇਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਹੁਗਲੀ ਦੇ ਚਿਨਸੁਰਾ ਇਲਾਕੇ 'ਚ ਰੈਲੀ ਕੀਤੀ ਸੀ। ਤ੍ਰਿਣਮੂਲ ਕਾਂਗਰਸ ਨੇ ਉੱਥੇ ਸ਼ੁੱਧੀਕਰਨ ਕੀਤਾ ਤੇ ਪੌਦੇ ਵੀ ਲਾਏ ਹਨ। TMC ਮੁਤਾਬਕ PM ਦੇ ਹੈਲੀਕੌਪਟਰ ਨੂੰ ਲੈਂਡ ਕਰਾਉਣ ਲਈ ਕੁਝ ਦਰਖਤ ਕੱਟੇ ਗਏ ਸਨ, ਜਿਨ੍ਹਾਂ ਦੀ ਭਰਪਾਈ ਲਈ ਇੱਥੇ ਪੌਦੇ ਲਾਏ ਗਏ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਬੁੱਧਵਾਰ ਹੁਗਲੀ ਜ਼ਿਲ੍ਹ ਚਿਨਸੁਰਾ 'ਚ ਇਕ ਜਨਤਕ ਸਭਾ ਨੂੰ ਸੰਬੋਧਨ ਕਰਨਗੇ।

ਇਸੇ ਦੌਰਾਨ ਕੋਇਲਾ ਘੁਟਾਲੇ 'ਚ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਇਕ ਦਿਨ ਪਹਿਲਾਂ ਟੀਐਮਸੀ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਪਤਨੀ ਰੂਜਿਰਾ ਤੋਂ ਪੁੱਛਗਿਛ ਲਈ ਉਨ੍ਹਾਂ ਦੇ ਘਰ ਪਹੁੰਚੀ ਪਰ ਸੀਬੀਆਈ ਦੇ ਰੂਜਿਰਾ ਦੇ ਘਰ ਪਹੁੰਚਣ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਰੂਜਿਰਾ ਨੂੰ ਮਿਲਣ ਲਈ ਪਹੁੰਚੀ ਸੀ।

ਸੀਬੀਆਈ ਦੀ ਕਾਰਵਾਈ ਨੂੰ ਲੈ ਕੇ ਵੀ ਦੋਵਾਂ ਧਿਰਾਂ ਵਿਚਾਲੇ ਖਿੱਚੋਤਾਣ ਚੱਲ ਰਿਹਾ ਹੈ। ਤ੍ਰਿਣਮੂਲ ਕਾਂਗਰਸ ਇਸ ਨੂੰ ਦਬਾਅ ਬਣਾਉਣ ਲਈ ਕੀਤੀ ਗਈ ਕਾਰਵਾਈ ਦੱਸ ਰਹੀ ਹੈ ਜਦਕਿ ਭਾਜਪਾ ਵੱਲੋਂ ਇਸ ਨੂੰ ਨਿਰਪੱਖ ਕਾਰਵਾਈ ਕਹਿ ਪੱਲਾ ਝਾੜਿਆ ਜਾ ਰਿਹਾ ਹੈ। ਦੂਜੇ ਪਾਸੇ ਕਿਸਾਨ ਆਗੂਆਂ ਵੱਲੋਂ ਵੀ ਪੱਛਮੀ ਬੰਗਾਲ ਦੇ ਕਿਸਾਨਾਂ ਤਕ ਪਹੁੰਚ ਕਰਨ ਦੀ ਗੱਲ ਕਹੀ ਜਾ ਰਹੀ ਹੈ। ਪੱਛਮੀ ਬੰਗਾਲ ਚੋਣਾਂ ਦੌਰਾਨ ਸਿਆਸੀ ਜੰਗ ਹੋਰ ਭਖਣ ਦੇ ਆਸਾਰ ਹਨ, ਜਿਸ ਨੂੰ ਲੈ ਕੇ ਸਾਰੀਆਂ ਧਿਰਾਂ ਨੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ।