ਜੇ.ਐਨ.ਯੂ. ਵਿਚ ਵਾਇਸ ਚਾਂਸਲਰ ਵਿਰੁਧ ਪ੍ਰਦਰਸ਼ਨ ਹਿੰਸਕ, ਕਈ ਵਿਦਿਆਰਥੀ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਲਜ਼ਮਾਂ ’ਤੇ ਬੀ.ਐਨ.ਐਸ. ਹੇਠ ਦਰਜ ਹੋਵੇਗਾ ਕੇਸ

Protest against Vice Chancellor in JNU turns violent, several students injured

ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਵਿਚ ਵਾਇਸ ਚਾਂਸਲਰ ਸੰਤੀਸ਼੍ਰੀ ਧੁਲਿਪੁਡੀ ਪੰਡਿਤ ਦੇ ਵਿਰੁਧ  ਪ੍ਰਦਰਸ਼ਨ ਦੌਰਾਨ ਹਿੰਸਾ ਭੜਕ ਗਈ। ਐਤਵਾਰ ਰਾਤ ਨੂੰ ‘ਸਮਤਾ ਜਲੂਸ’ ਦੌਰਾਨ ਲੈਫਟ ਸਮਰਥਿਤ ਜੇ.ਐਨ.ਯੂ.ਐਸ.ਯੂ. ਨੇ ਵਾਇਸ ਚਾਂਸਲਰ ਦੇ ਅਸਤੀਫ਼ੇ ਅਤੇ ਰਸਟਿਕੇਸ਼ਨ ਆਰਡਰ ਵਾਪਸ ਲੈਣ ਦੀ ਮੰਗ ਕੀਤੀ।

ਪ੍ਰਦਰਸ਼ਨ ਦੌਰਾਨ ਦੋ ਵਿਦਿਆਰਥੀ ਗਰੁੱਪਾਂ ਵਿਚਕਾਰ ਟਕਰਾਅ ਹੋਇਆ। ਜੇ.ਐਨ.ਯੂ.ਐਸ.ਯੂ. ਨੇ ਦੋਸ਼ ਲਗਾਇਆ ਕਿ “ਏ.ਬੀ.ਵੀ.ਪੀ. ਮੈਂਬਰਾਂ ਨੇ ਪੱਥਰ ਸੁੱਟੇ ਅਤੇ ਲਾਠੀਆਂ ਨਾਲ ਹਮਲਾ ਕੀਤਾ, ਜਿਸ ਨਾਲ ਕਈ ਵਿਦਿਆਰਥੀ ਜ਼ਖ਼ਮੀ ਹੋਏ।’’ ਉਨ੍ਹਾਂ ਨੇ ਦਾਅਵਾ ਕੀਤਾ ਕਿ ਕਈ ਵਿਦਿਆਰਥੀਆਂ ਨੂੰ ਕੇਂਦਰੀ ਲਾਇਬ੍ਰੇਰੀ ਵਿਚ ਸ਼ਰਨ ਲੈਣੀ ਪਈ।

ਦੂਜੇ ਪਾਸੇ, ਏ.ਬੀ.ਵੀ.ਪੀ. ਨੇ ਕਿਹਾ ਕਿ “ਖੱਬੇ ਪੱਖੀ ਪਾਰਟੀਆਂ ਸਮਰਥਿਤ ਗਰੁੱਪਾਂ ਨੇ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਤੰਗ ਕੀਤਾ ਅਤੇ ਹਮਲਾ ਕੀਤਾ। ਸਾਡੇ ਛੇ ਤੋਂ ਸੱਤ ਮੈਂਬਰਾਂ ਨੂੰ ਸਫ਼ਦਰਜੰਗ ਹਸਪਤਾਲ ਵਿਚ ਦਾਖ਼ਲ ਕਰਨਾ ਪਿਆ।’’

ਯੂਨੀਵਰਸਿਟੀ ਪ੍ਰਸ਼ਾਸਨ ਨੇ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ। ਅਧਿਕਾਰਕ ਬਿਆਨ ਵਿਚ ਕਿਹਾ ਗਿਆ ਕਿ “ਕੈਂਪਸ ਵਿਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਖ਼ਤ ਕਾਰਵਾਈ ਕੀਤੀ ਜਾਵੇਗੀ।’’ ਹਿੰਸਾ ਦਾ ਵਿਰੋਧ ਕਰਦਿਆਂ ’ਵਰਸਿਟੀ ਪ੍ਰਸ਼ਾਸਨ ਨੇ ਕਿਹਾ, ‘‘ਯੂਨੀਵਰਸਿਟੀ ਦੇ ਨਿਯਮਾਂ ਹੇਠ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਹੇਠ ਮਾਮਲਾ ਦਰਜ ਕੀਤਾ ਜਾਵੇਗਾ। ਜਮਾਤਾਂ ਅਤੇ ਹੋਰ ਅਕਾਦਮਿਕ ਗਤੀਵਿਧੀਆਂ ਪਹਿਲਾਂ ਵਾਂਗ ਚਲਦੀਆਂ ਰਹਿਣਗੀਆਂ।’’

ਵਾਇਸ ਚਾਂਸਲਰ ਪੰਡਿਤ ਦੇ ਹਾਲੀਆ ਬਿਆਨ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ “ਸਮਾਜ ਪੀੜਤ ਕਾਰਡ ਖੇਡ ਕੇ ਅੱਗੇ ਨਹੀਂ ਵੱਧ ਸਕਦਾ,’’ ਨੂੰ ਜੇ.ਐਨ.ਯੂ.ਐਸ.ਯੂ. ਨੇ “ਜਾਤੀਵਾਦੀ ਅਤੇ ਅਸੰਵੇਦਨਸ਼ੀਲ’’ ਕਰਾਰ ਦਿਤਾ।

ਜੇ.ਐਨ.ਯੂ.ਐਸ.ਯੂ. ਨੇ 26 ਫ਼ਰਵਰੀ ਨੂੰ ਸਿੱਖਿਆ ਮੰਤਰਾਲੇ ਵਲ  ‘ਲਾਂਗ ਮਾਰਚ’ ਦਾ ਐਲਾਨ ਕੀਤਾ ਹੈ। ਇਸ ਘਟਨਾ ਨੇ ਇਕ  ਵਾਰ ਫਿਰ ਯੂਨੀਵਰਸਿਟੀ ਵਿਚ ਵਿਚਾਰਧਾਰਕ ਟਕਰਾਅ ਨੂੰ ਉਜਾਗਰ ਕੀਤਾ ਹੈ, ਜਿੱਥੇ ਵਿਦਿਆਰਥੀ ਗਰੁੱਪਾਂ ਵਿਚਕਾਰ ਤਣਾਅ ਲਗਾਤਾਰ ਵਧ ਰਿਹਾ ਹੈ।