ਸਰਕਾਰ ਵਲੋਂ ਇੰਟਰਨੈਟ ਕੰਪਨੀਆਂ ਨੂੰ 'ਬਲੂ ਵ੍ਹੇਲ' ਗੇਮ ਬੰਦ ਕਰਨ ਦੇ ਹੁਕਮ
ਕੇਂਦਰੀ ਕਾਨੂੰਨ ਅਤੇ ਸੂਚਨਾ ਤਕਨੀਕ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਖ਼ਤਰਨਾਕ ਬਲੂ ਵ੍ਹੇਲ ਗੇਮ ਵਿਰੁਧ ਸਖ਼ਤ ਸਟੈਂਡ ਲੈਂਦਿਆਂ ਇੰਟਰਨੈੱਟ ਚਲਾ ਰਹੀਆਂ ਕੰਪਨੀਆਂ ਨੂੰ ਇਹ ਸਪੱਸ਼ਟ
ਨਵੀਂ ਦਿੱਲੀ, 16 ਅਗੱਸਤ : ਕੇਂਦਰੀ ਕਾਨੂੰਨ ਅਤੇ ਸੂਚਨਾ ਤਕਨੀਕ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਖ਼ਤਰਨਾਕ ਬਲੂ ਵ੍ਹੇਲ ਗੇਮ ਵਿਰੁਧ ਸਖ਼ਤ ਸਟੈਂਡ ਲੈਂਦਿਆਂ ਇੰਟਰਨੈੱਟ ਚਲਾ ਰਹੀਆਂ ਕੰਪਨੀਆਂ ਨੂੰ ਇਹ ਸਪੱਸ਼ਟ ਕਰ ਦਿਤਾ ਹੈ ਕਿ ਜੇ ਇਹ ਗੇਮ ਬੰਦ ਨਾ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪ੍ਰਸ਼ਾਦ ਨੇ ਕਿਹਾ ਕਿ ਇਸ ਗੇਮ ਕਾਰਨ ਕਈ ਥਾਵਾਂ 'ਤੇ ਖ਼ੁਦਕੁਸ਼ੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਜਿਸ ਕਾਰਨ ਇਸ ਗੇਮ ਨੂੰ ਬੰਦ ਕਰਨਾ ਲਾਜ਼ਮੀ ਹੈ। ਉੁਨ੍ਹਾਂ ਕਿਹਾ ਕਿ ਸਰਕਾਰ ਨੇ ਗੂਗਲ, ਫ਼ੇਸਬੁਕ, ਵਟਸਐੱਪ ਇੰਸਟਾਗ੍ਰਾਮ, ਮਾÂ੍ਰੀਕੋਸਾਫ਼ਟ, ਯਾਹੂ ਆਦਿ ਕੰਪਨੀਆਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਜਲਦੀ ਤੋਂ ਜਲਦੀ ਇਸ ਗੇਮ ਨੂੰ ਅਪਣੇ ਨੈੱਟਵਰਕ ਤੋਂ ਬੰਦ ਕਰ ਦੇਣ ਕਿਉਂ ਕਿ ਇਸ ਕਾਰਨ ਕਈ ਥਾਈਂ ਬੱਚਿਆਂ ਨੇ ਭਾਰਤ ਵਿਚ ਅਤੇ ਹੋਰ ਦੋਸ਼ਾਂ ਵਿਚ ਖ਼ੁਦਕੁਸ਼ੀ ਕਰ ਲਈ ਹੈ।
ਪ੍ਰਸਾਦ ਨੇ ਹੋਰ ਵੀ ਇੰਟਰਨੈੱਟ ਪਲੇਟਫ਼ਾਰਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਗੇਮ ਨੂੰ ਚਲਾਉਣ ਤੋਂ ਗੁਰੇਜ਼ ਕਰਨ ਕਿਉਂਕਿ ਇਹ ਆਈ.ਟੀ. ਐਕਟ ਦੀ ਵੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਆਈ.ਟੀ. ਐਕਟ ਅਜਿਹੀਆਂ ਗੇਮਾਂ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੰਦਾ। ਬਲੂ ਵ੍ਹੇਲ ਗੇਮ ਇੰਟਰਨੈੱਟ ਰਾਹੀਂ ਖੇਡੀ ਜਾਂਦੀ ਹੈ ਤੇ ਇਸ ਦਾ ਕੁਲ ਸਮਾਂ 50 ਦਿਨ ਦਾ ਹੁੰਦਾ ਹੈ। ਆਖ਼ਰ ਵਿਚ ਇਕ ਅਜਿਹਾ ਕਦਮ ਹੁੰਦਾ ਹੈ ਜੋ ਖ਼ੁਦਕੁਸ਼ੀ ਕਰਨ ਲਈ ਉਕਸਾਉਂਦਾ ਹੈ। ਇਸ ਗੇਮ ਵਿਚ ਭਾਗ ਲੈਣ ਵਾਲੇ ਨੂੰ ਹਰ ਕਦਮ 'ਤੇ ਅਪਣੀ ਫ਼ੋਟੋ ਸਬੰਧਤ ਗੇਮ ਮੈਨੇਜਰ ਨੂੰ ਭੇਜਣੀ ਪੈਂਦੀ ਹੈ।
ਮੰਤਰੀ ਨੇ ਕਿਹਾ ਕਿ ਮੁੰਬਈ, ਵੈਸਟ ਮਿਦਨਾਪੁਰ, ਕੇਰਲਾ, ਸੋਲਾਪੁਰ ਅਤੇ ਕੁੱਝ ਹੋਰ ਥਾਵਾਂ ਤੋਂ ਬੱਚਿਆਂ ਵਲੋਂ ਇਹ ਗੇਮ ਖੇਡਦੇ ਹੋਏ ਖ਼ੁਦਕੁਸ਼ੀ ਕਰਨ ਦੀਆਂ ਖ਼ਬਰਾਂ ਮਿਲੀਆਂ ਹਨ। ਇਸ ਕਰ ਕੇ ਸਰਕਾਰ ਨੂੰ ਇਸ ਖੇਡ ਨੂੰ ਬੰਦ ਕਰਵਾਉਣ ਸਬੰਧੀ ਕਦਮ ਚੁਕਣਾ ਪਿਆ ਹੈ।
(ਪੀ.ਟੀ.ਆਈ.)