ਇੰਡੀਆ ਗੇਟ ਸਕੂਲ 'ਚ ਆਜ਼ਾਦੀ ਦਿਹਾੜੇ ਮੌਕੇ ਪ੍ਰੋਗਰਾਮ
ਨਵੀਂ ਦਿੱਲੀ, 17 ਅਗੱਸਤ (ਸੁਖਰਾਜ ਸਿੰਘ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਇੰਡੀਆ ਗੇਟ ਵਿਖੇ ਭਾਰਤ ਦੀ 70ਵੀਂ ਅਜਾਦੀ ਵਰ੍ਹੇਗੰਢ ਨੂੰ ਸਮਰਪਤ ਪ੍ਰੋਗਰਾਮ ਕਰਵਾਇਆ ਗਿਆ।
ਨਵੀਂ ਦਿੱਲੀ, 17 ਅਗੱਸਤ (ਸੁਖਰਾਜ ਸਿੰਘ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਇੰਡੀਆ ਗੇਟ ਵਿਖੇ ਭਾਰਤ ਦੀ 70ਵੀਂ ਅਜਾਦੀ ਵਰ੍ਹੇਗੰਢ ਨੂੰ ਸਮਰਪਤ ਪ੍ਰੋਗਰਾਮ ਕਰਵਾਇਆ ਗਿਆ। ਆਜ਼ਾਦੀ ਦੇ ਜਸ਼ਨ ਸਬੰਧੀ ਇਸ ਪ੍ਰੋਗਰਾਮ ਦੀ ਅਰੰਭਤਾ ਗੁਰਬਾਣੀ ਦੇ ਸ਼ਬਦ ਨਾਲ ਕੀਤੀ ਗਈ। ਇਸ ਪ੍ਰੋਗਰਾਮ ਵਿਚ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਡਾਇਰੈਕਟਰ ਵਿਦਿਅਕ ਸੈਲ ਕਰਨਲ ਨਿਰਮਲ ਸਿੰਘ, ਸਕੂਲ ਦੇ ਸਮੂਹ ਸਟਾਫ਼ ਤੇ ਵਿਦਿਆਰਥੀ ਨੇ ਹਾਜ਼ਰੀ ਭਰੀ। ਕੌਮੀ ਝੰਡਾ ਫਹਿਰਾਉਣ ਤੋਂ ਬਾਅਦ ਕੌਮੀ ਗੀਤ ਗਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਦਵਿੰਦਰਜੀਤ ਕੌਰ ਢੀਂਗਰਾ ਨੇ ਦਸਿਆ ਕਿ ਇਹ ਸਕੂਲ ਸਵੱਛ ਭਾਰਤ ਅਭਿਆਨ 'ਚ ਪੂਰੇ ਭਾਰਤ 'ਚ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਨਾਲ ਡੇਢ ਲੱਖ ਦੇ ਨਕਦ ਇਨਾਮ ਦਾ ਹੱਕਦਾਰ ਬਣਿਆ ਹੈ। ਮਨਜੀਤ ਸਿੰਘ ਜੀ.ਕੇ. ਨੇ ਸੁਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਅਜਾਦੀ ਲਹਿਰ ਵਿਚ ਸਿੱਖਾਂ ਦੇ ਵਿਸ਼ੇਸ਼ ਯੋਗਦਾਨ ਤੇ ਸਭ ਤੋਂ ਵੱਧ ਦਿਤੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਇਆ।
ਦੇਸ਼ ਭਗਤੀ ਦੇ ਮਾਹੌਲ ਵਿਚ ਰੰਗੇ ਵਿਦਿਆਰਥੀਆਂ ਅਤੇ ਮਹਿਮਾਨਾਂ ਨਾਲ ਆਜ਼ਾਦੀ ਦਿਵਸ ਦੀ ਵਧਾਈ ਸਾਂਝੀਆਂ ਕਰਦਿਆਂ ਮੈਡਮ ਢੀਂਗਰਾ ਨੇ ਸਾਰਿਆਂ ਦਾ ਧਨਵਾਦ ਕੀਤਾ ਤੇ ਦ੍ਰਿੜ ਇਰਾਦਾ ਬਣਾਉਣ ਲਈ ਬੱਚਿਆਂ ਨੂੰ ਪ੍ਰੇਰਿਆ।