ਸੁਪ੍ਰੀਮ ਕੋਰਟ ਦਾ ਸਵਾਲ : ਕੀ ਤਾਜ ਮਹਿਲ ਨੂੰ ਨਸ਼ਟ ਕਰਨਾ ਚਾਹੁੰਦੀ ਹੈ ਸਰਕਾਰ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 17 ਅਗੱਸਤ: ਸੁਪ੍ਰੀਮ ਕੋਰਟ ਨੇ ਅੱਜ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਉਹ ਵਿਸ਼ਵ ਪ੍ਰਸਿੱਧ ਤਾਜ ਮਹਿਲ ਨੂੰ ਨਸ਼ਟ ਕਰਨਾ ਚਾਹੁੰਦੀ ਹੈ?

Taj Mahal

ਨਵੀਂ ਦਿੱਲੀ, 17 ਅਗੱਸਤ: ਸੁਪ੍ਰੀਮ ਕੋਰਟ ਨੇ ਅੱਜ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਉਹ ਵਿਸ਼ਵ ਪ੍ਰਸਿੱਧ ਤਾਜ ਮਹਿਲ ਨੂੰ ਨਸ਼ਟ ਕਰਨਾ ਚਾਹੁੰਦੀ ਹੈ?
ਅਦਾਲਤ ਨੇ ਇਹ ਤਿੱਖੀ ਟਿਪਣੀ ਉਸ ਅਪੀਲ ਦੀ ਸੁਣਵਾਈ ਦੌਰਾਨ ਕੀਤੀ ਜਿਸ 'ਚ ਮਥੁਰਾ ਅਤੇ ਦਿੱਲੀ ਵਿਚਕਾਰ ਲਗਭਗ 80 ਕਿਲੋਮੀਟਰ ਖੇਤਰ 'ਚ ਇਕ ਹੋਰ ਰੇਲ ਲਾਈਨ ਵਿਛਾਉਣ ਲਈ ਲਗਭਗ 450 ਦਰੱਖ਼ਤ ਕੱਟਣ ਦੀ ਇਜਾਜ਼ਤ ਮੰਗੀ ਗਈ ਹੈ।
ਜਸਟਿਸ ਮਦਨ ਬੀ. ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ ਕਿਹਾ, ''ਤਾਜ ਮਹਿਲ ਇਕ ਵਿਸ਼ਵ ਪ੍ਰਸਿੱਧ ਸਮਾਰਕ ਹੈ ਅਤੇ ਸਰਕਾਰ ਇਸ ਨੂੰ ਨਸ਼ਟ ਕਰਨਾ ਚਾਹੁੰਦੀ ਹੈ? ਕੀ ਤੁਸੀ ਤਾਜ ਦੀਆਂ ਤਾਜ਼ਾ ਤਸਵੀਰਾਂ ਵੇਖੀਆਂ ਹਨ? ਇੰਟਰਨੈੱਟ ਉਤੇ ਜਾਉ ਅਤੇ ਇਸ ਨੂੰ ਵੇਖੋ।''  ਅਦਾਲਤ ਨੇ ਕਿਹਾ ਕਿ ਜੇਕਰ ਸਰਕਾਰ ਚਾਹੁਦੀ ਹੈ ਤਾਂ ਇਕ ਹਲਫ਼ਨਾਮਾ ਜਾਂ ਬੇਨਤੀ ਦਾਖ਼ਲ ਕਰੋ ਅਤੇ ਕਹੋ ਕਿ ਭਾਰਤ ਤਾਜ ਨੂੰ ਨਸ਼ਟ ਕਰਨਾ ਚਾਹੁੰਦਾ ਹੈ। ਅਦਾਲਤ ਵਾਤਾਵਰਣ ਪ੍ਰੇਮੀ ਐਮ.ਸੀ. ਮਹਿਤਾ ਦੀ ਅਪੀਲ ਉਤੇ ਵੀ ਵਿਚਾਰ ਕਰ ਰਹੀ ਹੈ। ਅਦਾਲਤ ਇਤਿਹਾਸਕ ਤਾਜ ਮਹਿਲ ਦੇ ਬਚਾਅ ਲਈ ਖੇਤਰ 'ਚ ਵਿਕਾਸ ਗਤੀਵਿਧੀਆਂ ਦੀ ਨਿਗਰਾਨੀ ਕਰ ਰਿਹਾ ਹੈ। ਤਾਜ ਮਹਿਲ ਯੂਨੈਸਕੋ ਵਿਸ਼ਵ ਧਰੋਹਰ ਹੈ।
ਸਰਕਾਰ ਨੇ ਅਪਣੀ ਅਪੀਲ 'ਚ ਕਿਹਾ ਹੈ ਕਿ ਰੇਲ ਆਵਾਜਾਈ 'ਚ ਰੁਕਾਵਟ ਨੂੰ ਦੂਰ ਕਰਨ ਲਈ ਉਸ ਖੇਤਰ 'ਚ ਹੋਰ ਰੇਲ ਪਟੜੀਆਂ ਵਿਛਾਉਣ ਦੀ ਜ਼ਰੂਰਤ ਹੈ। ਸਿਖਰਲੀ ਅਦਾਲਤ ਮਾਮਲੇ ਦੀ ਸੁਣਵਾਈ ਅਗਲੇ ਮਹੀਨੇ ਕਰੇਗੀ। (ਪੀਟੀਆਈ)