ਪੀਐਮ ਮੋਦੀ ਦਾ ਰਾਜ ਸਰਕਾਰਾਂ ਨੂੰ ਹੁਕਮ, ਸਖ਼ਤੀ ਨਾਲ ਲਾਕਡਾਊਨ ਦਾ ਕਰਵਾਇਆ ਜਾਵੇ ਪਾਲਣ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਪਹਿਲਾਂ ਅੱਜ ਪੀਐਮ ਮੋਦੀ ਨੇ ਵੀ ਲੋਕਾਂ ਦੁਆਰਾ ਲਾਕਡਾਊਨ...

States asked to strictly enforce lock down due to corona virus

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 400 ਤੋਂ ਪਾਰ ਹੋ ਗਈ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਰਾਜਾਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਲਾਕਡਾਊਨ ਦਾ ਪਾਲਣ ਸਖ਼ਤੀ ਨਾਲ ਕਰਵਾਉਣ। ਨਾਲ ਹੀ ਕਿਹਾ ਹੈ ਕਿ ਜੋ ਇਸ ਨੂੰ ਨਹੀਂ ਮੰਨ ਰਹੇ ਉਹਨਾਂ ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦਸ ਦਈਏ ਕਿ 31 ਮਾਰਚ ਤਕ ਦੇਸ਼ ਦੇ 80 ਜ਼ਿਲ੍ਹਿਆਂ ਵਿਚ ਲਾਕਡਾਊਨ ਦਾ ਆਦੇਸ਼ ਦਿੱਤੇ ਗਏ ਹਨ।

ਇਸ ਤੋਂ ਪਹਿਲਾਂ ਅੱਜ ਪੀਐਮ ਮੋਦੀ ਨੇ ਵੀ ਲੋਕਾਂ ਦੁਆਰਾ ਲਾਕਡਾਊਨ ਨਾ ਮੰਨਣ ਦੇ ਚਲਦੇ ਨਾਰਾਜ਼ਗੀ ਜਤਾਈ ਸੀ। ਉਹਨਾਂ ਟਵੀਟ ਕਰਦੇ ਹੋਏ ਲਿਖਿਆ ਕਿ ਲਾਕਡਾਊਨ ਨੂੰ ਹੁਣ ਵੀ ਕਈ ਲੋਕ ਗੰਭੀਰਤਾ ਨਾਲ ਨਹੀਂ ਲੈ ਰਹੇ। ਕ੍ਰਿਪਾ ਕਰ ਕੇ ਅਪਣੇ ਆਪ ਨੂੰ ਬਚਾਓ, ਅਪਣੇ ਪਰਿਵਾਰ ਨੂੰ ਬਚਾਓ, ਨਿਰਦੇਸ਼ਾਂ ਦੀ ਗੰਭੀਰਤਾ ਨਾਲ ਪਾਲਣ ਕਰੋ। ਰਾਜ ਸਰਕਾਰ ਨੂੰ ਅਪੀਲ ਹੈ ਕਿ ਉਹ ਨਿਯਮਾਂ ਅਤੇ ਕਾਨੂੰਨ ਦਾ ਪਾਲਣ ਕਰਵਾਉਣ।

ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਮੋਦੀ ਸਰਕਾਰ ਨੇ ਐਤਵਾਰ ਨੂੰ ਕਈ ਵੱਡੇ ਫ਼ੈਸਲੇ ਕੀਤੇ ਸਨ। ਅਗਲੀ 31 ਮਾਰਚ ਤਕ ਸਾਰੀਆਂ ਪੈਸੈਂਜਰ ਟ੍ਰੇਨਾਂ, ਮੈਟਰੋ ਅਤੇ ਅੰਤਰਰਾਸ਼ਟਰੀ ਬੱਸਾਂ ਦੀ ਆਵਾਜਾਈ ਰੱਦ ਕਰ ਦਿੱਤੀ ਗਈ ਹੈ। ਇਹ ਸਾਰੇ ਫ਼ੈਸਲੇ ਇਕ ਹਾਈ ਲੈਵਲ ਮੀਟਿੰਗ ਵਿਚ ਲਏ ਗਏ ਸਨ। ਜਿਹੜੇ 80 ਜ਼ਿਲ੍ਹਿਆਂ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ ਕੇਸ ਮਿਲੇ ਹਨ ਉੱਥੇ ਦੀ ਰਾਜ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਨੂੰ ਛੱਡ ਕੇ ਬਾਕੀ ਚੀਜ਼ਾਂ ਬੰਦ ਕਰ ਦੇਣ।

ਜਦੋਂ ਵੀ ਕਿਤੇ ਲਾਕਡਾਊਨ ਕਰਵਾਇਆ ਜਾਂਦਾ ਹੈ ਤਾਂ ਆਮ ਲੋਕਾਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਘਰ ਤੋਂ ਬਾਹਰ ਨਿਕਲਣ ਤੇ ਵੀ ਰੋਕ ਲਗ ਜਾਂਦੀ ਹੈ। ਇਹ ਇਕ ਐਮਰਜੈਂਸੀ ਵਿਵਸਥਾ ਹੁੰਦੀ ਹੈ ਜੋ ਕਿ ਆਮ ਤੌਰ ਤੇ ਲੋਕਾਂ ਨੂੰ ਇਕ ਨਿਸ਼ਚਿਤ ਇਲਾਕੇ ਵਿਚ ਰੋਕਣ ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸ ਦਾ ਐਲਾਨ ਆਮ ਤੌਰ ਤੇ ਲੋਕਾਂ ਨੂੰ ਵੱਡੀਆਂ ਆਫ਼ਤਾਂ ਤੋਂ ਬਚਾਉਣ ਲਈ ਕੀਤਾ ਜਾਂਦਾ ਹੈ।

ਲਾਕਡਾਊਨ ਵਿਚ ਸਰਕਾਰ ਇਹ ਚਾਹੁੰਦੀ ਹੈ ਕਿ ਲੋਕ ਇਕ ਥਾਂ ਤੋਂ ਦੂਜੀ ਥਾਂ ਆਵਾਜਾਈ ਨਾ ਕਰਨ। ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਦੇ 15 ਜ਼ਿਲ੍ਹਿਆਂ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਆਗਰਾ, ਲਖਨਊ, ਗੌਤਮ ਬੁੱਧ ਨਗਰ, ਗਾਜ਼ੀਆਬਾਦ, ਮੁਰਾਦਾਬਾਦ, ਵਾਰਾਣਸੀ, ਲਖੀਮਪੁਰ ਖੇੜੀ, ਬਰੇਲੀ, ਆਜ਼ਮਗੜ੍ਹ, ਕਾਨਪੁਰ, ਮੇਰਠ, ਪ੍ਰਯਾਗਰਾਜ, ਅਲੀਗੜ, ਗੋਰਖਪੁਰ ਅਤੇ ਸਹਾਰਨਪੁਰ ਸ਼ਾਮਲ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।