ਹੈਦਰਾਬਾਦ 'ਚ ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 11 ਮਜ਼ਦੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਨੇ ਘਟਨਾ 'ਤੇ ਜਤਾਇਆ ਦੁੱਖ

Photo

 

ਹੈਦਰਾਬਾਦ: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਭੋਇਗੁਡਾ ਵਿੱਚ ਇੱਕ ਸਕਰੈਪ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 11 ਮਜ਼ਦੂਰ ਜ਼ਿੰਦਾ ਸੜ ਗਏ। ਮਰਨ ਵਾਲੇ ਸਾਰੇ ਮਜ਼ਦੂਰ ਬਿਹਾਰ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ ਅਤੇ ਇੱਥੇ ਕਬਾੜ ਦੇ ਗੋਦਾਮ ਵਿੱਚ ਕੰਮ ਕਰਦੇ ਸਨ।

 

 

ਮੌਕੇ 'ਤੇ ਮੌਜੂਦ ਹੈਦਰਾਬਾਦ ਦੇ ਡੀਸੀਪੀ ਸੈਂਟਰਲ ਜ਼ੋਨ ਨੇ ਦੱਸਿਆ ਕਿ ਸਾਰੀਆਂ 11 ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਗਿਆ ਹੈ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਤੇਲੰਗਾਨਾ ਦੇ ਸੀਐਮ ਕੇਸੀ ਰਾਓ ਨੇ ਅੱਗ ਵਿੱਚ ਬਿਹਾਰ ਦੇ ਮਜ਼ਦੂਰਾਂ ਦੀ ਮੌਤ 'ਤੇ ਸੋਗ ਜਤਾਇਆ ਹੈ।

 

 

ਉਨ੍ਹਾਂ ਨੇ ਵਾਰਸਾਂ ਨੂੰ 5-5 ਲੱਖ ਰੁਪਏ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਅਤੇ ਮੁੱਖ ਸਕੱਤਰ ਨੂੰ ਘਟਨਾ ਵਿੱਚ ਮਾਰੇ ਗਏ ਮਜ਼ਦੂਰਾਂ ਦੀਆਂ ਲਾਸ਼ਾਂ ਵਾਪਸ ਲਿਆਉਣ ਲਈ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਪੀਐਮ ਮੋਦੀ ਨੇ ਹੈਦਰਾਬਾਦ ਦੇ ਭੋਇਗੁਡਾ ਵਿੱਚ ਭਿਆਨਕ ਅੱਗ ਵਿੱਚ ਹੋਏ ਜਾਨੀ ਨੁਕਸਾਨ ਉੱਤੇ ਸੋਗ ਪ੍ਰਗਟ ਕੀਤਾ। ਪੀਐਮ ਮੋਦੀ ਨੇ ਟਵੀਟ ਕਰਕੇ ਲਿਖਿਆ ਕਿ ਦੁੱਖ ਦੀ ਇਸ ਘੜੀ ਵਿੱਚ ਮੇਰੀ ਸੰਵੇਦਨਾ ਦੁਖੀ ਪਰਿਵਾਰਾਂ ਨਾਲ ਹੈ। ਪੀਐੱਮਐੱਨਆਰਐੱਫ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ।

 

ਪੁਲਿਸ ਮੁਤਾਬਕ ਕਬਾੜ ਗੋਦਾਮ ਦੀ ਪਹਿਲੀ ਮੰਜ਼ਿਲ 'ਤੇ 12 ਮਜ਼ਦੂਰ ਸੌਂ ਰਹੇ ਸਨ। ਗਰਾਊਂਡ ਫਲੋਰ 'ਤੇ ਅਚਾਨਕ ਅੱਗ ਲੱਗ ਗਈ। ਮਜ਼ਦੂਰਾਂ ਲਈ ਬਾਹਰ ਜਾਣ ਦਾ ਇੱਕੋ-ਇੱਕ ਰਸਤਾ ਹੇਠਲੀ ਮੰਜ਼ਿਲ 'ਤੇ ਕਬਾੜ ਦੀ ਦੁਕਾਨ ਸੀ ਜਿਸ ਦੇ ਸ਼ਟਰ ਬੰਦ ਸਨ।

ਅੱਜ ਸਵੇਰੇ 8 ਵਜੇ ਤੱਕ 11 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ, ਜਦਕਿ ਇਕ ਮਜ਼ਦੂਰ ਜੋ ਭੱਜਣ 'ਚ ਕਾਮਯਾਬ ਰਿਹਾ, ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਦੇ ਅਨੁਸਾਰ, ਫਾਇਰ ਕੰਟਰੋਲ ਰੂਮ ਨੂੰ ਸਵੇਰੇ 3 ਵਜੇ ਦੇ ਕਰੀਬ ਅਲਰਟ ਮਿਲਿਆ ਅਤੇ ਅੱਗ ਬੁਝਾਉਣ ਲਈ 9 ਫਾਇਰ ਟੈਂਡਰਾਂ ਨੇ ਤਿੰਨ ਘੰਟੇ ਤੋਂ ਵੱਧ ਸਮਾਂ ਕੰਮ ਕੀਤਾ।