Indian Railway Workers Push Train Coach: ਰੇਲ ਗੱਡੀ ਦੇ ਇੰਜਣ ਨੂੰ ਧੱਕਾ ਲਾਉਂਦੇ ਦਿਸੇ ਭਾਰਤੀ ਰੇਲ ਅਧਿਕਾਰੀ ਤੇ ਮੁਲਾਜ਼ਮ, ਵੀਡੀਉ ਵਾਇਰਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ਨੇ ਇਸ ਘਟਨਾ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕੀਤੀ

Railway Workers Push Train Coach

Railway Workers Push Train Coach : ਸੜਕਾਂ ’ਤੇ ਖ਼ਰਾਬ ਕਾਰਾਂ ਨੂੰ ਧੱਕਾ ਲਾਉਂਦੇ ਲੋਕਾਂ ਨੂੰ ਤਾਂ ਤੁਸੀਂ ਅਕਸਰ ਵੇਖਿਆ ਹੋਵੇਗਾ ਪਰ ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਨਿਹਾਲਗੜ੍ਹ ਰੇਲਵੇ ਸਟੇਸ਼ਨ ਨੇੜੇ ਸ਼ੁਕਰਵਾਰ ਨੂੰ ਇਕ ਅਜੀਬੋ-ਗ਼ਰੀਬ ਘਟਨਾ ਵੇਖਣ ਨੂੰ ਮਿਲੀ ਜਦੋਂ ਰੇਲਵੇ ਟਰੈਕ ਦੀ ਜਾਂਚ ਕਰਨ ਆਏ ਭਾਰਤੀ ਰੇਲਵੇ ਅਧਿਕਾਰੀ ਅਤੇ ਮੁਲਾਜ਼ਮ ਰੇਲ ਗੱਡੀ ਦੇ ਇੰਜਣ ਨੂੰ ਧੱਕਾ ਲਾਉਂਦੇ ਦਿਸੇ। ਦਰਅਸਲ ਡੀ.ਪੀ.ਸੀ. ਰੇਲ ਗੱਡੀ (ਇੰਜਣ ਵਾਲਾ ਕੋਚ) ਅਚਾਨਕ ਖਰਾਬ ਹੋ ਗਈ ਅਤੇ ‘ਸ਼ੰਟਿੰਗ’ ਇੰਜਣ ਨਾ ਹੋਣ ਕਾਰਨ ਰੇਲਵੇ ਮੁਲਾਜ਼ਮਾਂ ਨੂੰ ਇਸ ਨੂੰ ਧੱਕਾ ਲਾ ਕੇ ਲੂਪ ਲਾਈਨ ’ਤੇ ਲਿਜਾਣਾ ਪਿਆ।

ਇਸ ਘਟਨਾ ਦਾ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ’ਚ ਕੁੱਝ ਲੋਕ ਡੀ.ਪੀ.ਸੀ. ਰੇਲਗੱਡੀ ਨੂੰ ਧੱਕਾ ਦਿੰਦੇ ਨਜ਼ਰ ਆ ਰਹੇ ਹਨ। 
ਇਸ ਘਟਨਾ ਦਾ ਸਿਆਸੀ ਲਾਹਾ ਲੈਣ ’ਚ ਬਿਲਕੁਲ ਵੀ ਦੇਰ ਨਾ ਕਰਦਿਆਂ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ਨੇ ਇਸ ਘਟਨਾ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕੀਤੀ ਹੈ। 

ਰੇਲਵੇ ਸੂਤਰਾਂ ਨੇ ਸਨਿਚਰਵਾਰ ਨੂੰ ਦਸਿਆ ਕਿ ਸ਼ੁਕਰਵਾਰ ਨੂੰ ਕੁੱਝ ਰੇਲਵੇ ਅਧਿਕਾਰੀ ਡੀ.ਪੀ.ਸੀ. ਰੇਲਗੱਡੀ ’ਚ ਸੁਲਤਾਨਪੁਰ ਸਾਈਡ ਤੋਂ ਅਮੇਠੀ ਦੇ ਨਿਹਾਲਗੜ੍ਹ ਰੇਲਵੇ ਸਟੇਸ਼ਨ ਵਲ ਟਰੈਕ ਦੀ ਜਾਂਚ ਕਰਨ ਲਈ ਆ ਰਹੇ ਸਨ, ਰੇਲਵੇ ਸਟੇਸ਼ਨ ਤੋਂ ਠੀਕ ਪਹਿਲਾਂ ਅਧਿਕਾਰੀਆਂ ਦਾ ਇਹ ਇੰਜਣ ਵਾਲਾ ਕੋਚ ਅਚਾਨਕ ਮੁੱਖ ਲਾਈਨ ’ਤੇ ਖਰਾਬ ਹੋ ਗਿਆ। ਟੈਕਨੀਸ਼ੀਅਨ ਨੇ ਅਪਣੀ ਗਲਤੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। 

 

 

ਸੂਤਰਾਂ ਅਨੁਸਾਰ ਮੁੱਖ ਲਾਈਨ ’ਤੇ ਡੀ.ਪੀ.ਸੀ. ਰੇਲਗੱਡੀ ਖਰਾਬ ਹੋਣ ਕਾਰਨ ਹੋਰ ਰੇਲ ਗੱਡੀਆਂ ਦੀ ਆਵਾਜਾਈ ’ਚ ਰੁਕਾਵਟ ਆਈ, ਸ਼ੰਟਿੰਗ ਲਈ ਇੰਜਣ ਨਾ ਹੋਣ ਕਾਰਨ ਰੇਲਵੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਡੀ.ਪੀ.ਸੀ. ਰੇਲਗੱਡੀ ਨੂੰ ਮਜਬੂਰਨ ਮੁੱਖ  ਲਾਈਨ ਤੋਂ ਲੂਪ ਲਾਈਨ ’ਤੇ ਧੱਕਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਕਿਸੇ ਨੇ ਇਸ ਘਟਨਾ ਦਾ ਵੀਡੀਉ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿਤਾ, ਜੋ ਤੇਜ਼ੀ ਨਾਲ ਫੈਲ ਗਿਆ। 

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਵਾਇਰਲ ਵੀਡੀਉ ਪੋਸਟ ਕਰਦਿਆਂ ਲਿਖਿਆ, ‘‘ਰੇਲ ਮੰਤਰੀ ਨੂੰ ਤੁਰਤ ਬੁਲਾਉ, ਉਨ੍ਹਾਂ ਤੋਂ ਵੀ ਧੱਕਾ ਲਗਵਾਉ! ਇੰਝ ਜਾਪਦਾ ਹੈ ਕਿ ਅੱਜ ਭਾਜਪਾ ਦੀ ‘ਡਬਲ ਇੰਜਣ ਸਰਕਾਰ’ ’ਚ ਚੋਣ ਬਾਂਡ ਦਾ ਤੇਲ ਨਹੀਂ ਪਿਆ ਤਾਂ ਲੋਕ ਅਮੇਠੀ ਦੇ ਨਿਹਾਲਗੜ੍ਹ ਕਰਾਸਿੰਗ ’ਤੇ ਧੱਕਾ ਲਾਉਣ ਲਈ ਮਜਬੂਰ ਹਨ।’’

ਕਾਂਗਰਸ ਨੇ ਇਸ ਵੀਡੀਉ ਨੂੰ ਅਪਣੇ ਅਧਿਕਾਰਤ ‘ਐਕਸ’ ਹੈਂਡਲ ’ਤੇ ਵੀ ਪਾ ਦਿਤਾ ਅਤੇ ਲਿਖਿਆ, ‘‘ਵਾਅਦਾ ਬੁਲੇਟ ਟ੍ਰੇਨ ਦਾ ਸੀ, ਹੁਣ ਰੇਲ ਗੱਡੀ ਨੂੰ ਵੀ ਧੱਕਾ ਦੇਣਾ ਪੈ ਰਿਹਾ ਹੈ। ਮੋਦੀ ਸਰਕਾਰ ਦੇ ਰਾਜ ’ਚ ਹਰ ਖੇਤਰ ਤਬਾਹ ਹੋ ਗਿਆ ਹੈ। ਰੇਲਵੇ ਨੂੰ ਬਹੁਤ ਨੁਕਸਾਨ ਹੋਇਆ ਹੈ।’’

(For more news apart from Railway Workers Push Train Coach in punjabi' stay tuned to Rozana Spokesman)