ਵਿਦਿਆਰਥੀਆਂ ਨੂੰ ਕੇਂਦਰੀ ਮੰਤਰੀ ਗੋਇਲ ਦੇ ਬੇਟੇ ਦਾ ਭਾਸ਼ਣ ਸੁਣਨ ਲਈ ਮਜਬੂਰ ਕੀਤਾ ਗਿਆ : ਵਿਰੋਧੀ ਧਿਰ ਦੇ ਵਿਧਾਇਕ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਵਾਦ ਪੈਦਾ ਹੋਣ ਮਗਰੋਂ ਧਰੁਵ ਗੋਇਲ ਨੇ ਮੰਗੀ ਮੁਆਫੀ

Students complaining

ਮੁੰਬਈ: ਵਿਰੋਧੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਅਤੇ ਸ਼ਿਵ ਸੈਨਾ (ਯੂਬੀਟੀ) ਨੇ ਸ਼ਨਿਚਰਵਾਰ ਨੂੰ ਦੋਸ਼ ਲਾਇਆ ਕਿ ਮੁੰਬਈ ਦੇ ਕਾਂਦੀਵਲੀ ਇਲਾਕੇ ਦੇ ਇਕ ਕਾਲਜ ਦੇ ਵਿਦਿਆਰਥੀਆਂ ਨੂੰ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੇ ਬੇਟੇ ਧਰੁਵ ਗੋਇਲ ਦਾ ਭਾਸ਼ਣ ਸੁਣਨ ਲਈ ਮਜਬੂਰ ਕੀਤਾ ਗਿਆ।  

ਪੀਯੂਸ਼ ਗੋਇਲ ਮੁੰਬਈ ਉੱਤਰੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਹਨ। 

ਸ਼ਿਵ ਸੈਨਾ ਨੇਤਾ ਆਦਿੱਤਿਆ ਠਾਕਰੇ ਨੇ ਦੋਸ਼ ਲਾਇਆ ਕਿ ਵਿਦਿਆਰਥੀਆਂ ਨੂੰ ਧਰੁਵ ਗੋਇਲ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਮਜਬੂਰ ਕਰਨ ਲਈ ਉਨ੍ਹਾਂ ਦੇ ਪਛਾਣ ਪੱਤਰ ਜ਼ਬਤ ਕਰ ਲਏ ਗਏ। NCP ਵਿਧਾਇਕ ਜਿਤੇਂਦਰ ਅਵਹਾਦ ਨੇ 'ਐਕਸ' 'ਤੇ ਇੱਕ ਵੀਡੀਓ ਅਪਲੋਡ ਕੀਤਾ ਜਿਸ ਵਿੱਚ ਇੱਕ ਵਿਦਿਆਰਥੀ ਇਤਰਾਜ਼ ਜਤਾਉਂਦਾ ਨਜ਼ਰ ਆ ਰਿਹਾ ਹੈ।  

ਵਿਵਾਦ ਤੋਂ ਬਾਅਦ ਠਾਕੁਰ ਕਾਲਜ ਆਫ ਸਾਇੰਸ ਐਂਡ ਕਾਮਰਸ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ, ਖਾਸ ਤੌਰ 'ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵਿਦਿਆਰਥੀਆਂ ਨੂੰ ਆਗਾਮੀ ਆਮ ਚੋਣਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਤ ਕਰਨਾ ਸੀ ਪਰ ਇਸ ਮਾਮਲੇ ਦੀ ਸਮੀਖਿਆ ਕੀਤੀ ਜਾ ਰਹੀ ਹੈ। 

ਕਾਲਜ ਨੇ ਧਰੁਵ ਗੋਇਲ ਦਾ ਇੱਕ ਵੀਡੀਓ ਵੀ ਪੋਸਟ ਕੀਤਾ ਜਿਸ ਵਿੱਚ ਉਹ ਵਿਦਿਆਰਥੀਆਂ ਤੋਂ ਮੁਆਫੀ ਮੰਗਦੇ ਹੋਏ ਕਹਿ ਰਹੇ ਹਨ ਕਿ ‘‘ਇਹ (ਸਮਾਗਮ ਵਿੱਚ ਸ਼ਾਮਲ ਹੋਣ ਲਈ ਪਛਾਣ ਪੱਤਰ ਲੈਣਾ) ਦੁਬਾਰਾ ਨਹੀਂ ਹੋਵੇਗਾ।’’

ਇਸ ਦੌਰਾਨ ਅਵਹਾਦ ਨੇ ਕਿਹਾ ਕਿ ਜੇਕਰ ਇਸ ਘਟਨਾ 'ਚ ਕਾਲਜ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਪਰੇਸ਼ਾਨ ਕੀਤਾ ਤਾਂ ਉਹ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨਗੇ।