24 ਨਵੰਬਰ ਨੂੰ ਹੋਈ ਹਿੰਸਾ ਦੇ ਮਾਮਲੇ ’ਚ ਸੰਭਲ ਮਸਜਿਦ ਕਮੇਟੀ ਦੇ ਮੁਖੀ ਗ੍ਰਿਫਤਾਰ
ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦੇ ਸਾਹਮਣੇ ਅਪਣੀ ਗਵਾਹੀ ਪੇਸ਼ ਕਰਨ ਤੋਂ ਰੋਕਣ ਲਈ ਭੇਜਿਆ ਜਾ ਰਿਹੈ ਜੇਲ : ਭਰਾ
ਸੰਭਲ : ਸ਼ਾਹੀ ਜਾਮਾ ਮਸਜਿਦ ਕਮੇਟੀ ਦੇ ਪ੍ਰਧਾਨ ਜ਼ਫਰ ਅਲੀ ਨੂੰ ਪਿਛਲੇ ਸਾਲ ਨਵੰਬਰ ’ਚ ਮਸਜਿਦ ਦੇ ਸਰਵੇਖਣ ਨੂੰ ਲੈ ਕੇ ਭੜਕੀ ਹਿੰਸਾ ਦੇ ਸਬੰਧ ’ਚ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੰਭਲ ਦੇ ਪੁਲਿਸ ਸੁਪਰਡੈਂਟ ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਦਸਿਆ ਕਿ ਅਲੀ ਨੂੰ 24 ਨਵੰਬਰ ਦੀ ਹਿੰਸਾ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਹੈ।
ਅਲੀ ਦੇ ਭਰਾ ਤਾਹਿਰ ਅਲੀ ਨੇ ਦੋਸ਼ ਲਾਇਆ ਕਿ ਪੁਲਿਸ ਜਾਣਬੁਝ ਕੇ ਉਸ ਦੇ ਭਰਾ ਨੂੰ ਜੇਲ ਭੇਜ ਰਹੀ ਹੈ ਤਾਂ ਜੋ ਉਸ ਨੂੰ ਸੋਮਵਾਰ ਨੂੰ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦੇ ਸਾਹਮਣੇ ਅਪਣੀ ਗਵਾਹੀ ਪੇਸ਼ ਕਰਨ ਤੋਂ ਰੋਕਿਆ ਜਾ ਸਕੇ। ਤਾਹਿਰ ਅਲੀ ਨੇ ਦਾਅਵਾ ਕੀਤਾ ਕਿ ਜ਼ਫਰ ਨੂੰ ਕੱਲ੍ਹ ਕਮਿਸ਼ਨ ਦੇ ਸਾਹਮਣੇ ਗਵਾਹੀ ਦੇਣੀ ਸੀ ਅਤੇ ਇਸ ਲਈ ਉਹ ਜਾਣਬੁਝ ਕੇ ਉਸ ਨੂੰ ਜੇਲ ਭੇਜ ਰਹੇ ਹਨ।
ਜ਼ਫਰ ਅਲੀ ਨੇ ਪਹਿਲਾਂ ਕਿਹਾ ਸੀ ਕਿ ਪੁਲਿਸ ਨੇ ਗੋਲੀਆਂ ਚਲਾਈਆਂ ਅਤੇ ਮਰਨ ਵਾਲੇ ਪੁਲਿਸ ਦੀਆਂ ਗੋਲੀਆਂ ਨਾਲ ਮਾਰੇ ਗਏ। ਉਸ ਦੇ ਭਰਾ ਤਾਹਿਰ ਅਲੀ ਨੇ ਇਸ ਮਾਮਲੇ ਵਿਚ ਬਾਹਰੀ ਫੰਡਿੰਗ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ, ‘‘ਇਕ ਪੈਸਾ ਵੀ ਨਹੀਂ ਮਿਲਿਆ ਹੈ। ਅਸੀਂ ਇਸ ਕੇਸ ਨੂੰ ਅਦਾਲਤ ’ਚ ਲੜਾਂਗੇ ਅਤੇ ਜੇਤੂ ਬਣਾਂਗੇ।’’