ਵੈਂਕਈਆ ਨਾਇਡੂ ਨੇ ਸੀਜੇਆਈ ਵਿਰੁਧ ਮਹਾਂਦੋਸ਼ ਪ੍ਰਸਤਾਵ ਕੀਤਾ ਖ਼ਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਜੱਜ ਦੀਪਕ ਮਿਸ਼ਰਾ ਵਿਰੁਧ ਵਿਰੋਧੀਆਂ ਵਲੋਂ ਪੇਸ਼ ਕੀਤੇ ਗਏ ਮਹਾਂਦੋਸ਼ ਪ੍ਰਸਤਾਵ ਨੂੰ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ...

venkaiah naidu rejects- impeachment motion against cji

ਨਵੀਂ ਦਿੱਲੀ : ਮੁੱਖ ਜੱਜ ਦੀਪਕ ਮਿਸ਼ਰਾ ਵਿਰੁਧ ਵਿਰੋਧੀਆਂ ਵਲੋਂ ਪੇਸ਼ ਕੀਤੇ ਗਏ ਮਹਾਂਦੋਸ਼ ਪ੍ਰਸਤਾਵ ਨੂੰ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਖ਼ਾਰਜ ਕਰ ਦਿਤਾ ਹੈ। ਦਸਿਆ ਜਾ ਰਿਹਾ ਹੈ ਕਿ ਸੱਤ ਸੇਵਾਮੁਕਤ ਸਾਂਸਦਾਂ ਦੇ ਦਸਤਖ਼ਤਾਂ ਕਾਰਨ ਵੈਂਕਈਆ ਨਾਇਡੂ ਨੇ ਇਸ ਪ੍ਰਸਤਾਵ ਨੂੰ ਖ਼ਾਰਜ ਕਰ ਦਿਤਾ ਹੈ। ਇਸ ਮਹਾਂਦੋਸ਼ 'ਤੇ ਫ਼ੈਸਲਾ ਲੈਣ ਤੋਂ ਪਹਿਲਾਂ ਵੈਂਕਈਆ ਨਾਇਡੂ ਨੇ ਮਾਹਰਾਂ ਨਾਲ ਕਾਫ਼ੀ ਵਿਚਾਰ ਵਟਾਂਦਰਾ ਕੀਤਾ।

ਦਸ ਦਈਏ ਕਿ ਕਾਂਗਰਸ ਸਮੇਤ ਸੱਤ ਵਿਰੋਧੀ ਦਲਾਂ ਨੇ ਇਹ ਮਹਾਂਦੋਸ਼ ਪ੍ਰਸਤਾਵ ਦਿਤਾ ਸੀ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਕਾਨੂੰਨ ਦੇ ਮਾਹਰਾਂ ਨਾਲ ਇਸ ਸਬੰਧੀ ਸਲਾਹ ਮਸ਼ਵਰਾ ਕੀਤਾ ਕਿ ਕੀ ਮਹਾਂਦੋਸ਼ ਦਾ ਪ੍ਰਸਤਾਵ ਸਵੀਕਾਰ ਕੀਤਾ ਜਾਵੇ ਜਾਂ ਖ਼ਾਰਜ ਕਰ ਦਿਤਾ ਜਾਵੇ। ਇਸ ਤੋਂ ਪਹਿਲਾਂ ਵੈਂਕਈਆ ਨਾਇਡੂ ਦਿੱਲੀ ਤੋਂ ਬਾਹਰ ਸਨ ਪਰ ਮਹਾਂਦੋਸ਼ ਪ੍ਰਸਤਾਵ 'ਤੇ ਮਸ਼ਵਰੇ ਲਈ ਉਨ੍ਹਾਂ ਨੇ ਅਪਣਾ ਹੈਦਰਾਬਾਦ ਦਾ ਦੌਰਾ ਵਿਚਕਾਰ ਹੀ ਰੱਦ ਕਰ ਦਿਤਾ ਅਤੇ ਦਿੱਲੀ ਵਾਪਸ ਆ ਗਏ। 

ਸੂਤਰਾਂ ਮੁਤਾਬਕ ਐਤਵਾਰ ਨੂੰ ਉਪ ਰਾਸ਼ਟਰਪਤੀ ਸੰਵਿਧਾਨ ਮਾਹਰ ਸੁਭਾਸ਼ ਕਸ਼ਯਪ ਤੋਂ ਇਲਾਵਾ ਲੋਕ ਸਭਾ ਦੇ ਜਨਰਲ ਸਕੱਤਰ, ਸਾਬਕਾ ਕਾਨੂੰਨ ਸਕੱਤਰ ਪੀਕੇ ਮਲਹੋਤਰਾ, ਸਾਬਕਾ ਕਾਨੂੰਨ ਸਕੱਤਰ ਸੰਜੇ ਸਿੰਘ ਅਤੇ ਰਾਜ ਸਭਾ ਸਕੱਤਰੇਤ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ ਸੁਦਰਸ਼ਨ ਰੈਡੀ ਤੋਂ ਵੀ ਰਾਇ ਲਈ। 

ਹੁਣ ਕਾਂਗਰਸ ਦੇ ਕੋਲ ਸੁਪਰੀਮ ਕੋਰਟ ਜਾਣ ਦਾ ਬਦਲ ਹੈ। ਜ਼ਿਕਰਯੋਗ ਹੈ ਕਿ ਸ਼ੁਕਰਵਾਰ ਨੂੰ ਕਾਂਗਰਸ ਸਮੇਤ ਸੱਤ ਵਿਰੋਧੀ ਦਲਾਂ ਨੇ ਰਾਜ ਸਭਾ ਦੇ ਚੇਅਰਮੈਨ ਨਾਇਡੂ ਨੂੰ ਜਸਟਿਸ ਮਿਸ਼ਰਾ ਦੇ ਵਿਰੁਧ ਦੁਰਵਿਵਹਾਰ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਮਹਾਂਦੋਸ਼ ਦਾ ਨੋਟਿਸ ਦਿਤਾ ਸੀ।