ਪਾਕਿਸਤਾਨ- ਪੋਲੀਓ ਦੀ ਮਾਰ ਝੱਲ ਰਹੇ ਪਾਕਿਸਤਾਨ ’ਚ ‘ਪੋਲੀਓ ਬੂੰਦਾਂ’ ਹੀ ਬੱਚਿਆਂ ਲਈ ਕਹਿਰ ਬਣ ਗਈਆਂ। ਦਰਅਸਲ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਬੱਚਿਆਂ ਨੂੰ ਪੋਲੀਓ ਤੋਂ ਬਚਾਅ ਲਈ ਬੂੰਦਾਂ ਪਿਲਾਈਆਂ ਜਾ ਰਹੀਆਂ ਸਨ ਪਰ ਪੋਲੀਓ ਬੂੰਦਾਂ ਪੀਣ ਨਾਲ ਕਈ ਸਕੂਲੀ ਬੱਚੇ ਬਿਮਾਰ ਹੋ ਗਏ ਜਿਹਨਾਂ ਨੂੰ ਮੌਕੇ ’ਤੇ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਤੋਂ ਬਾਅਦ ਪਾਕਿਸਤਾਨ ’ਚ ਵਿਰੋਧ ਸ਼ੁਰੂ ਹੋ ਗਿਆ ਅਤੇ ਬੱਚਿਆਂ ਦੇ ਰਿਸ਼ਤੇਦਾਰਾਂ ਨੇ ਸਥਾਨਕ ਮੈਡੀਕਲ ਸੈਂਟਰ ’ਚ ਵਿਰੋਧ ਕਰਦੇ ਹੋਏ ਭੰਨ੍ਹਤੋੜ ਵੀ ਕੀਤੀ।
ਦੱਸ ਦੇਈਏ ਕਿ ਪਾਕਿਸਤਾਨ ਪੋਲੀਓ ਦੇ ਸਭ ਤੋਂ ਜ਼ਿਆਦਾ ਕਹਿਰ ਵਾਲੇ ਤਿੰਨ ਦੇਸ਼ਾਂ ’ਚ ਸ਼ਾਮਿਲ ਹੈ। ਜਿੱਥੇ ਪੰਜ ਸਾਲ ਦੀ ਉਮਰ ਤੋਂ ਘੱਟ 3.9 ਕਰੋੜ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਤਹਿ ਕੀਤਾ ਗਿਆ ਪਰ ਇਸ ਘਟਨਾ ਤੋਂ ਬਾਅਦ ਇਸ ਮੁਹਿੰਮ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ’ਚ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜਾਂਚ ਕਰਨ ਦੀ ਗੱਲ ਕਹੀ ਜਾ ਰਹੀ ਹੈ। ਦੱਸ ਦੇਈਏ ਕਿ ਪਾਕਿਸਤਾਨ ਵਾਂਗ ਨਾਈਜੀਰੀਆ ਅਤੇ ਅਫਗਾਨੀਸਤਾਨ ਵੀ ਪੋਲੀਓ ਦੀ ਮਾਰ ਝੱਲ ਰਹੇ ਹਨ।