ਕੇਂਦਰੀ ਵਜ਼ਾਰਤ ਵਲੋਂ 15000 ਕਰੋੜ ਰੁਪਏ ਦਾ ਪੈਕੇਜ ਮਨਜ਼ੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਭਾਰਤ ਕੋਵਿਡ-19 ਐਮਰਜੈਂਸੀ ਪ੍ਰਤੀਕਰਮ ਅਤੇ ਸਿਹਤ ਪ੍ਰਣਾਲੀ ਤਿਆਰੀ' ਲਈ ਖ਼ਰਚਿਆ ਜਾਵੇਗਾ ਪੈਸਾ

File Photo

ਨਵੀਂ ਦਿੱਲੀ, 22 ਅਪ੍ਰੈਲ : ਕੇਂਦਰੀ ਮੰਤਰੀ ਮੰਡਲ ਨੇ 'ਭਾਰਤ ਕੋਵਿਡ-19 ਐਮਰਜੈਂਸੀ ਪ੍ਰਤੀਕਰਮ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕੇਜ' ਲਈ 15000 ਕਰੋੜ ਰੁਪÂ ਦੇ ਨਿਵੇਸ਼ ਨੂੰ ਪ੍ਰਵਾਨਗੀ ਦਿਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਵਜ਼ਾਰਤ ਦੀ ਬੈਠਕ ਵਿਚ ਇਸ ਤਜਵੀਜ਼ ਨੂੰ ਪ੍ਰਵਾਨਗੀ ਦਿਤੀ ਗਈ। ਇਸ ਪੈਕੇਜ ਦਾ ਮੰਤਵ ਭਵਿੱਖ ਵਿਚ ਕਿਸੇ ਬੀਮਾਰੀ ਨੂੰ ਫੈਲਣ ਤੋਂ ਰੋਕਣ, ਕੰਟਰੋਲ ਅਤੇ ਤਿਆਰੀ ਲਈ ਕੌਮੀ ਅਤੇ ਰਾਜ ਸਿਹਤ ਪ੍ਰਣਾਲੀ ਬਣਾਉਣਾ ਹੈ। ਸਰਕਾਰੀ ਬਿਆਨ ਮੁਤਾਬਕ ਮਨਜ਼ੂਰੀ ਰਕਮ ਦੀ ਤਿੰਨ ਗੇੜਾਂ ਵਿਚ ਵਰਤੋਂ ਕੀਤੀ ਜਾਵੇਗੀ।

ਫ਼ੌਰੀ ਤੌਰ 'ਤੇ ਕੋਵਿਡ-19 ਐਮਰਜੈਂਸੀ ਪ੍ਰਤੀਕਰਮ ਵਾਸਤੇ 7774 ਕਰੋੜ ਰੁਪਏ ਦੀ ਰਕਮ ਦਾ ਪ੍ਰਾਵਧਾਨ ਕੀਤਾ ਗਿਆ ਹੈ। ਬਾਕੀ ਰਕਮ ਮਿਸ਼ਨ ਮੋਡ ਵਿਚ ਉਪਲਭਧ ਕਰਾਈ ਜਾਵੇਗੀ। ਕਿਹਾ ਗਿਆ ਹੈ ਕਿ ਪੈਕੇਜ ਦਾ ਮੁੱਖ ਉਦੇਸ਼ ਜਾਂਚ ਅਤੇ ਇਲਾਜ ਅਤੇ ਕੋਵਿਡ-ਸਮਰਪਿਤ ਇਲਾਜ ਸਹੂਲਤਾਂ ਵਿਚ ਵਾਧਾ, ਮਰੀਜ਼ਾਂ ਦੇ ਇਲਾਜ ਲਈ ਜ਼ਰੂਰੀ ਇਲਾਜ ਉਪਕਰਨ ਅਤੇ ਦਵਾਈਆਂ ਦੀ ਕੇਂਦਰੀ ਖ਼ਰੀਦ, ਭਵਿੱਖ ਵਿਚ ਮਹਾਮਾਰੀਆਂ ਤੋਂ ਬਚਾਅ ਅਤੇ ਤਿਆਰੀਆਂ ਵਿਚ ਤਾਲਮੇਲ ਲਈ ਕੌਮੀ ਤੇ ਰਾਜ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤੀ ਦੇਣਾ ਅਤੇ ਵਿਕਸਤ ਕਰਨਾ ਹੈ। ਇਸ ਤੋਂ ਇਲਾਵਾ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਅਤੇ ਨਿਗਰਾਨੀ ਗਤੀਵਿਧੀਆਂ ਵਧਾਉਣਾ, ਮਹਾਮਾਰੀ ਖੋਜ ਅਤੇ ਜੋਖਮ ਸੰਚਾਰ ਗਤੀਵਿਧੀਆਂ ਰਾਹੀਂ ਭਾਰਤ ਵਿਚ ਕੋਵਿਡ-19 ਦੇ ਪਸਾਰ ਨੂੰ ਸੀਮਤ ਕਰਨਾ ਸ਼ਾਮਲ ਹੈ। (ਏਜੰਸੀ)