ਭਾਰਤ ਦੀ ਦਰਿਆਦਿਲੀ, ਗੁਆਂਢੀ ਦੇਸ਼ ਨੇਪਾਲ ਨੂੰ ਦਿੱਤਾ 39 ਐਂਬੂਲੈਂਸ ਅਤੇ 6 ਸਕੂਲ ਬੱਸਾਂ ਦਾ ਤੋਹਫ਼ਾ
ਪਿਛਲੇ ਸਾਲ ਵੀ ਭਾਰਤ ਸਰਕਾਰ ਵੱਲੋਂ ਗਾਂਧੀ ਜਯੰਤੀ ਮੌਕੇ ਨੇਪਾਲ ਸਰਕਾਰ ਨੂੰ 41 ਐਂਬੂਲੈਂਸਾਂ ਅਤੇ 6 ਬੱਸਾਂ ਸੌਂਪੀਆਂ ਗਈਆਂ ਸਨ
ਕਾਠਮੰਡੂ: ਭਾਰਤ ਨੇ ਵੀਰਵਾਰ ਨੂੰ ਗੁਆਂਢੀ ਦੇਸ਼ ਨੇਪਾਲ ਨੂੰ ਵੈਂਟੀਲੇਟਰ ਦੇ ਨਾਲ 39 ਐਂਬੂਲੈਂਸ ਅਤੇ 6 ਸਕੂਲ ਬੱਸਾਂ ਤੋਹਫ਼ੇ ਵਜੋਂ ਦਿੱਤੀਆਂ ਹਨ। ਕੋਰੋਨਾ ਕਾਲ ਵਿਚ ਭਾਰਤ ਸਰਕਾਰ ਨੇ ਨੇਪਾਲ ਦੀ ਹਰ ਸੰਭਵ ਮਦਦ ਕੀਤੀ ਹੈ।
ਭਾਰਤੀ ਦੂਤਾਵਾਸ ਨੇ ਟਵੀਟ ਕੀਤਾ, ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਭਾਰਤ ਸਰਕਾਰ ਨੇ ਨੇਪਾਲ ਵਿਚ ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਵੈਂਟੀਲੇਟਰ, ਈ.ਸੀ.ਜੀ., ਆਕਸੀਜਨ ਮਾਨੀਟਰ ਅਤੇ ਹੋਰ ਐਂਮਰਜੈਂਸੀ ਡਾਕਟਰੀ ਉਪਕਰਣਾਂ ਨਾਲ ਲੈਸ 39 ਐਂਬੂਲੈਂਸਾਂ ਭੇਜੀਆਂ ਹਨ।
ਦੂਤਾਵਾਸ ਨੇ ਕਿਹਾ, ਨੇਪਾਲ ਨੂੰ 6 ਸਕੂਲ ਬੱਸਾਂ ਵੀ ਦਿੱਤੀਆਂ ਗਈਆਂ ਹਨ। ਇਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿੱਦਿਅਕ ਸੰਸਥਾਵਾਂ ਤੱਕ ਪਹੁੰਚਣ ਵਿਚ ਮਦਦ ਮਿਲੇਗੀ। ਪਿਛਲੇ ਸਾਲ ਵੀ ਭਾਰਤ ਸਰਕਾਰ ਵੱਲੋਂ ਗਾਂਧੀ ਜਯੰਤੀ ਮੌਕੇ ਨੇਪਾਲ ਸਰਕਾਰ ਨੂੰ 41 ਐਂਬੂਲੈਂਸਾਂ ਅਤੇ 6 ਬੱਸਾਂ ਸੌਂਪੀਆਂ ਗਈਆਂ ਸਨ। ਇਸ ਤੋਂ ਇਲਾਵਾ ਭਾਰਤ, ਨੇਪਾਲ ਦੇ ਵੱਖ-ਵੱਖ ਪ੍ਰਾਜੈਕਟਾਂ ਨੂੰ ਪੂਰਾ ਕਰਨ ਵਿਚ ਵੀ ਮਦਦ ਕਰ ਰਿਹਾ ਹੈ।