PM ਨੂੰ ਕੇਜਰੀਵਾਲ ਦਾ ਸਵਾਲ,ਦਿੱਲੀ ’ਚ ਆਕਸੀਜਨ ਪਲਾਂਟ ਨਹੀਂ ਤਾਂ ਲੋਕਾਂ ਨੂੰ ਆਕਸੀਜਨ ਨਹੀਂ ਮਿਲੇਗੀ?
ਪੀਐਮ ਮੋਦੀ ਵੱਲੋਂ ਅੱਜ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਗਈ ਬੈਠਕ
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ ਗਈ। ਇਸ ਬੈਠਕ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਕਸੀਜਨ ਸੰਕਟ ਦਾ ਮੁੱਦਾ ਚੁੱਕਿਆ। ਉਹਨਾਂ ਨੇ ਪੀਐਮ ਨੂੰ ਕਿਹਾ, ‘ਪੀਐਮ ਸਾਹਬ, ਕਿਰਪਾ ਕਰਕੇ ਤੁਸੀਂ ਫੋਨ ਕਰੋ, ਤਾਂਕਿ ਦਿੱਲੀ ਤੱਕ ਆਕਸੀਜਨ ਪਹੁੰਚ ਜਾਵੇ’। ਉਹਨਾਂ ਕਿਹਾ ਕਿ ਜੇ ਦਿੱਲੀ ਵਿਚ ਆਕਸੀਜਨ ਪਲਾਂਟ ਨਹੀਂ ਹੈ ਤਾਂ ਕੀ ਦਿੱਲੀ ਦੇ 2 ਕਰੋੜ ਲੋਕਾਂ ਨੂੰ ਆਕਸੀਜਨ ਨਹੀਂ ਮਿਲੇਗੀ।
ਉਹਨਾਂ ਪੀਐਮ ਨੂੰ ਸਵਾਲ ਕੀਤਾ ਜੇਕਰ ਕੋਈ ਸੂਬਾ ਦਿੱਲੀ ਦੇ ਕੋਟੇ ਦੀ ਆਕਸੀਜਨ ਰੋਕ ਲੈਂਦਾ ਹੈ ਤਾਂ ਮੈਂ ਕੇਂਦਰ ਵਿਚ ਕਿਸ ਨਾਲ ਗੱਲ ਕਰਾਂ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਕਈ ਸੂਬਿਆਂ ਵਿਚ ਮੈਡੀਕਲ ਆਕਸੀਜਨ ਦੀ ਕਮੀ ਨੂੰ ਲੈ ਕੇ ਹਾਹਾਕਾਰ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ। ਇਸ ਦੌਰਾਨ ਰਾਜਧਾਨੀ ਦਿੱਲੀ ਦੇ ਹਸਪਤਾਲ ਵੀ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਹਨ।
ਕੇਜਰੀਵਾਲ ਨੇ ਹੱਥ ਜੋੜ ਕੇ ਪੀਐਮ ਮੋਦੀ ਨੂੰ ਅਪੀਲ ਕੀਤੀ ਕਿ ਕੋਈ ਸਖ਼ਤ ਕਦਮ ਚੁੱਕਿਆ ਜਾਵੇ ਨਹੀਂ ਤਾਂ ਵੱਡੀ ਤ੍ਰਾਸਦੀ ਹੋ ਸਕਦੀ ਹੈ। ਉਹਨਾਂ ਕਿਹਾ, ‘ਮੈਂ ਦਿੱਲੀ ਦਾ ਸੀਐਮ ਹੁੰਦੇ ਹੋਏ ਵੀ ਅਪਣੇ ਸੂਬੇ ਲਈ ਕੁਝ ਨਹੀਂ ਕਰ ਪਾ ਰਿਹਾ। ਪ੍ਰਧਾਨ ਮੰਤਰੀ ਜੀ ਦੇਸ਼ ਦੇ ਸਾਰੇ ਆਕਸੀਜਨ ਪਲਾਂਟਾਂ ਨੂੰ ਕੇਂਦਰ ਟੇਕਓਵਰ ਕਰੇ ਅਤੇ ਜਦੋਂ ਆਕਸੀਜਨ ਟਰੱਕ ਚੱਲਣ ਤਾਂ ਉਹ ਫੌਜ ਦੀ ਨਿਗਰਾਨੀ ਵਿਚ ਚੱਲਣ ਤਾਂਕਿ ਕੋਈ ਉਸ ਨੂੰ ਰੋਕ ਨਾ ਸਕੇ’।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿਚ ਜਲਦ ਤੋਂ ਜਲਦ ਆਕਸੀਜਨ ਸਪਲਾਈ ਦੀ ਲੋੜ ਹੈ। ਅਜਿਹੇ ਵਿਚ ਬੰਗਾਲ ਤੇ ਓਡੀਸ਼ਾ ਤੋਂ ਆਉਣ ਵਾਲੀ ਆਕਸੀਜਨ ਨੂੰ ਏਅਰਲਿਫਟ ਕੀਤਾ ਜਾਵੇ ਤਾਂ ਕਿ ਭਾਰੀ ਮਾਤਰਾ ਵਿਚ ਆਕਸੀਜਨ ਸਟਾਕ ਜਲਦ ਤੋਂ ਜਲਦ ਮਿਲ ਸਕੇ।