ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਬਿਆਨ- ' ਭਗੌੜਾ ਆਖਰ ਕਿੰਨੇ ਦਿਨ ਤੱਕ ਭੱਜ ਸਕਦਾ ਹੈ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ, ਦਹਿਸ਼ਤ ਅਤੇ ਡਰ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਹੀ ਚਾਹੀਦੀ ਹੈ

Punjabi News

ਨਵੀਂ ਦਿੱਲੀ : ਅੰਮ੍ਰਿਤਪਾਲ ਸਿੰਘ ਨੂੰ ਐਤਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਆਈਜੀਪੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸਿਆ ਕਿ ਅਦਾਲਤ ਵੱਲੋਂ ਜਾਰੀ ਐਨ.ਐਸ.ਏ. ਤਹਿਤ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

ਇਸ ਬਾਰੇ ਹੁਣ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਬਿਆਨ ਸਾਹਮਣੇ ਆਇਆ ਹੈ। ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ''ਭਗੌੜਾ ਆਖਰ ਕਿੰਨੇ ਦਿਨ ਤੱਕ ਭੱਜ ਸਕਦਾ ਹੈ, ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ।''

ਇਸ ਬਾਰੇ ਅੱਗੇ ਬੋਲਦਿਆਂ ਉਨ੍ਹਾਂ ਕਿਹਾ, ''ਦਹਿਸ਼ਤ ਅਤੇ ਡਰ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਹੀ ਚਾਹੀਦੀ ਹੈ। ਪੰਜਾਬ ਨੂੰ ਥੋੜਾ ਸਮਾਂ ਲੱਗਿਆ, ਥੋੜਾ ਜਲਦੀ ਹੁੰਦਾ ਤਾਂ ਹੋਰ ਵਧੀਆ ਹੋਣਾ ਸੀ।''

ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਬਾਰੇ ਵੀ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਰਾਹੁਲ ਗਾਂਧੀ ਪਿਛੜੇ ਸਮਾਜ ਨੂੰ ਅਪਮਾਨਿਤ ਕਰਨ ਜਾਂ ਅਦਾਲਤ ਨੂੰ ਹੰਕਾਰ ਦਿਖਾਉਣ ਅਤੇ ਇਥੋਂ ਤੱਕ ਕੇ ਭਾਵੇਂ ਉਹ ਪਿਛੜੇ ਸਮਾਜ ਤੋਂ ਮੁਆਫ਼ੀ ਵੀ ਨਾ ਮੰਗਣ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦਾ ਉਹ ਪਰਿਵਾਰ ਹੈ ਜੋ ਦੇਸ਼ ਵਿਚ ਅਲਗ ਕਾਨੂੰਨ ਚਾਹੁੰਦੇ ਹਨ ਤਾਂ ਜੋ ਉਨ੍ਹਾਂ 'ਤੇ ਕੋਈ ਕਾਰਵਾਈ ਹੀ ਨਾ ਹੋਵੇ।

ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਕੋਲ ਅਜੇ ਵੀ ਸਮਾਂ ਹੈ ਕਿ ਉਹ ਮੁਆਫ਼ੀ ਮੰਗ ਲੈਣ ਅਤੇ ਅੱਗੇ ਵਧਣ। ਚੋਣਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਤਿਆਰੀ ਬਹੁਤ ਵਧੀਆ ਹੈ। ਭਾਰਤ ਦੀ ਜਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਮੁੜ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਹੀ ਚਾਹੁੰਦੇ ਹਨ।