ਭਾਰਤ ਦੇ ਸੰਵਿਧਾਨ ਬਾਰੇ ਟਿਪਣੀ ਕਰ ਕੇ ਫਸੇ ਗੋਆ ਦੇ ਕਾਂਗਰਸ ਉਮੀਦਵਾਰ, ਚੋਣ ਕਮਿਸ਼ਨ ਕੋਲ ਕੀਤੀ ਗਈ ਸ਼ਿਕਾਇਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ, ਪ੍ਰਧਾਨ ਮੰਤਰੀ ਨੇ ਦਸਿਆ ਦੇਸ਼ ਤੋੜਨ ਦੀ ਚਾਲ

Viriato Fernandes

ਪਣਜੀ: ਦਖਣੀ ਗੋਆ ਲੋਕ ਸਭਾ ਸੀਟ ਤੋਂ ਕਾਂਰਗਸ ਦੇ ਉਮੀਦਵਾਰ ਵਿਰੀਏਟੋ ਫ਼ਰਨਾਂਡੇਜ਼ ਨੇ ਦਾਅਵਾ ਕੀਤਾ ਹੈ ਕਿ 1961 ’ਚ ਪੁਰਤਗਾਲੀ ਸ਼ਾਸਨ ਤੋਂ ਮੁਕਤੀ ਤੋਂ ਬਾਅਦ ਗੋਆ ’ਤੇ ਭਾਰਤੀ ਸੰਵਿਧਾਨ ਥੋਪਿਆ ਗਿਆ ਸੀ। 

ਹਾਲਾਂਕਿ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵਲੋਂ ਟਿਪਣੀ ਦੀ ਆਲੋਚਨਾ ਕੀਤੇ ਜਾਣ ਤੋਂ ਬਾਅਦ ਫ਼ਰਨਾਂਡੇਜ਼ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਸਿਆਸੀ ਲਾਭ ਲਈ ਤੋੜ-ਮਰੋੜ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਉਹ ਅਪਣੇ ਬਿਆਨ ਨਾਲ-ਨਾਲ ਗੋਆ ਦੀ ਪਛਾਣ ਨੂੰ ਨਸ਼ਟ ਕਰਨ, ਬੇਰੁਜ਼ਗਾਰੀ, ਮਹਿੰਗਾਈ, ਅਪਰਾਧ ਅਤੇ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ’ਤੇ ਬਹਿਸ ਕਰਨ ਲਈ ਤਿਆਰ ਹਨ। 

ਫਰਨਾਂਡਿਸ ਨੇ ਸੋਮਵਾਰ ਨੂੰ ਦਖਣੀ ਗੋਆ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਅਪਣੀ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ, ‘‘ਮੈਂ ਰਾਹੁਲ ਗਾਂਧੀ ਨੂੰ ਦਸਿਆ ਸੀ ਕਿ ਜਦੋਂ 1961 ਵਿਚ ਗੋਆ ਆਜ਼ਾਦ ਹੋਇਆ ਸੀ ਤਾਂ ਸਾਡੇ ’ਤੇ ਭਾਰਤੀ ਸੰਵਿਧਾਨ ਥੋਪਿਆ ਗਿਆ ਸੀ।’’ ਫਰਨਾਂਡਿਸ ਉਸ ਸਮੇਂ ਇਕ ਗੈਰ ਸਰਕਾਰੀ ਸੰਗਠਨ ਗੋਏਂਚੋ ਅਵੇ ਦਾ ਹਿੱਸਾ ਸਨ, ਜੋ ਪੁਰਤਗਾਲੀ ਪਾਸਪੋਰਟ ਦੀ ਚੋਣ ਕਰਨ ਵਾਲੇ ਗੋਆ ਦੇ ਵਸਨੀਕਾਂ ਲਈ ਦੋਹਰੀ ਨਾਗਰਿਕਤਾ ਦੀ ਮੰਗ ਕਰ ਰਿਹਾ ਸੀ। 

ਉਨ੍ਹਾਂ ਕਿਹਾ, ‘‘ਅਸੀਂ ਗਾਂਧੀ ਦੇ ਸਾਹਮਣੇ 12 ਮੰਗਾਂ ਰੱਖੀਆਂ ਸਨ (ਪਣਜੀ ਨੇੜੇ ਇਕ ਹੋਟਲ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ) ਅਤੇ ਉਨ੍ਹਾਂ ਵਿਚੋਂ ਇਕ ਦੋਹਰੀ ਨਾਗਰਿਕਤਾ ਦੇਣ ਦੀ ਸੀ। ਗਾਂਧੀ ਨੇ ਮੈਨੂੰ ਪੁਛਿਆ ਕਿ ਕੀ ਇਹ ਮੰਗ ਸੰਵਿਧਾਨਕ ਹੈ। ਅਸੀਂ ਕਿਹਾ ਨਹੀਂ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜੇਕਰ ਇਹ ਮੰਗ ਸੰਵਿਧਾਨਕ ਨਹੀਂ ਹੈ ਤਾਂ ਇਸ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ। ਜਦੋਂ ਗੋਆ 1961 ਵਿਚ ਪੁਰਤਗਾਲੀ ਸ਼ਾਸਨ ਤੋਂ ਆਜ਼ਾਦ ਹੋਇਆ ਸੀ, ਤਾਂ ਤੁਸੀਂ (ਤਤਕਾਲੀ ਕੇਂਦਰ ਸਰਕਾਰ ਦਾ ਹਵਾਲਾ ਦਿੰਦੇ ਹੋਏ) ਸਾਡੇ ’ਤੇ ਸੰਵਿਧਾਨ ਥੋਪਿਆ ਸੀ। ਸਾਨੂੰ ਇਸ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ।’’ ਫਰਨਾਂਡਿਸ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਰਾਹੁਲ ਗਾਂਧੀ ਦੇ ਪਿਤਾ ਦੇ ਨਾਨਾ (ਜਵਾਹਰ ਲਾਲ ਨਹਿਰੂ) ਦਾ ਭਾਸ਼ਣ ਯਾਦ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ‘ਆਜ਼ਾਦੀ ਤੋਂ ਬਾਅਦ ਗੋਆ ਅਪਣੀ ਕਿਸਮਤ ਦਾ ਫੈਸਲਾ ਖੁਦ ਕਰੇਗਾ ਪਰ ਸਾਡੀ ਕਿਸਮਤ ਦਾ ਫੈਸਲਾ ਕਿਸੇ ਹੋਰ ਨੇ ਕੀਤਾ ਸੀ।’

ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਅੱਜ ਗੋਆ ਦੇ ਮੁੱਖ ਮੰਤਰੀ ਸਾਵੰਤ ਨੇ ਕਾਂਗਰਸ ਉਮੀਦਵਾਰ ਫਰਨਾਂਡਿਸ ਅਤੇ ਉਨ੍ਹਾਂ ਦੀ ਪਾਰਟੀ ਨੂੰ ਨਿਸ਼ਾਨਾ ਬਣਾਉਣ ਲਈ ਸੋਸ਼ਲ ਮੀਡੀਆ ਮੰਚ ‘ਐਕਸ’ ਦਾ ਸਹਾਰਾ ਲਿਆ। ਉਨ੍ਹਾਂ ਕਿਹਾ, ‘‘ਮੈਂ ਦਖਣੀ ਗੋਆ ਤੋਂ ਕਾਂਗਰਸ ਉਮੀਦਵਾਰ ਦੀ ਟਿਪਣੀ ਤੋਂ ਹੈਰਾਨ ਹਾਂ, ਜਿਸ ਨੇ ਦਾਅਵਾ ਕੀਤਾ ਸੀ ਕਿ ਗੋਆ ਦੇ ਲੋਕਾਂ ’ਤੇ ਭਾਰਤੀ ਸੰਵਿਧਾਨ ਜ਼ਬਰਦਸਤੀ ਥੋਪਿਆ ਗਿਆ ਹੈ। ਸਾਡੇ ਸੁਤੰਤਰਤਾ ਸੈਨਾਨੀਆਂ ਦਾ ਪੂਰੇ ਦਿਲ ਨਾਲ ਵਿਸ਼ਵਾਸ ਸੀ ਕਿ ਗੋਆ ਭਾਰਤ ਦਾ ਅਟੁੱਟ ਅੰਗ ਹੈ। ਕਾਂਗਰਸ ਨੇ ਗੋਆ ਦੀ ਆਜ਼ਾਦੀ ’ਚ 14 ਸਾਲ ਦੀ ਦੇਰੀ ਕੀਤੀ। ਹੁਣ ਉਨ੍ਹਾਂ ਦਾ ਉਮੀਦਵਾਰ ਭਾਰਤੀ ਸੰਵਿਧਾਨ ਨੂੰ ਕਮਜ਼ੋਰ ਕਰਨ ਦੀ ਹਿੰਮਤ ਕਰ ਰਿਹਾ ਹੈ।’’

ਦੂਜੇ ਪਾਸੇ ਭਾਜਪਾ ਨੇ ਫਰਨਾਂਡਿਸ ਵਿਰੁਧ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਗੋਆ ਭਾਜਪਾ ਦੇ ਪ੍ਰਧਾਨ ਸਦਾਨੰਦ ਸ਼ੇਟ ਤਨਾਵਡੇ ਨੇ ਮੁੱਖ ਚੋਣ ਅਧਿਕਾਰੀ ਰਮੇਸ਼ ਵਰਮਾ ਨੂੰ ਸੌਂਪੇ ਸ਼ਿਕਾਇਤ ਚਿੱਠੀ ’ਚ ਕਿਹਾ ਕਿ ਫਰਨਾਂਡਿਸ ਦੀ ਟਿਪਣੀ ਭਾਰਤ ਦੇ ਪਵਿੱਤਰ ਸੰਵਿਧਾਨ ਵਿਰੁਧ ਜ਼ਹਿਰ ਉਗਲਣ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਸਪੱਸ਼ਟ ਮਾਮਲਾ ਹੈ ਅਤੇ ਇਸ ਲਈ ਉਨ੍ਹਾਂ ਦੀ ਉਮੀਦਵਾਰੀ ਰੱਦ ਕੀਤੀ ਜਾਣੀ ਚਾਹੀਦੀ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਫ਼ਰਨਾਂਡੇਜ਼ ਦੀ ਟਿਪਣੀ ਨੂੰ ਲੈ ਕੇ ਕਾਂਗਰਸ ’ਤੇ ਹਮਲਾ ਬੋਲਿਆ। ਮੋਦੀ ਨੇ ਇਸ ਨੂੰ ਦੇਸ਼ ਨੂੰ ਤੋੜਨ ਦੀ ਚਾਲ ਕਰਾਰ ਦਿਤਾ। ਛੱਤੀਸਗੜ੍ਹ ਦੇ ਸ਼ਕਤੀ ਜ਼ਿਲ੍ਹੇ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦੋਸ਼ ਲਾਇਆ ਕਿ ਧਰਮ ਦੇ ਨਾਂ ’ਤੇ ਦੇਸ਼ ਨੂੰ ਵੰਡਣ ਵਾਲੀ ਕਾਂਗਰਸ ਆਜ਼ਾਦੀ ਦੇ ਪਹਿਲੇ ਦਿਨ ਤੋਂ ਹੀ ਤੁਸ਼ਟੀਕਰਨ ’ਚ ਲੱਗੀ ਹੋਈ ਹੈ। 

ਮੋਦੀ ਨੇ ਕਿਹਾ, ‘‘ਕਾਂਗਰਸ ਨੂੰ ਦੇਸ਼ ਦੇ ਵੱਡੇ ਹਿੱਸੇ ਨੇ ਰੱਦ ਕਰ ਦਿਤਾ ਹੈ ਅਤੇ ਉਹ ਦੇਸ਼ ’ਚ ਅਪਣੇ ਲਈ ਅਜਿਹੇ ਟਾਪੂ ਬਣਾਉਣਾ ਚਾਹੁੰਦੀ ਹੈ। ਕਾਂਗਰਸ ਨੂੰ ਸੱਤਾ ’ਚ ਗਰੀਬ, ਦਲਿਤ, ਪੱਛੜੇ ਅਤੇ ਆਦਿਵਾਸੀ ਪਰਵਾਰਾਂ ਦੀ ਭਾਗੀਦਾਰੀ ਹਜ਼ਮ ਨਹੀਂ ਹੋ ਰਹੀ ਹੈ, ਇਸ ਲਈ ਕਾਂਗਰਸ ਨੇ ਇਕ ਵੱਡੀ ਖੇਡ ਸ਼ੁਰੂ ਕੀਤੀ ਹੈ। ਪਹਿਲਾਂ ਕਰਨਾਟਕ ਤੋਂ ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਅਸੀਂ ਦਖਣੀ ਭਾਰਤ ਨੂੰ ਵੱਖਰਾ ਦੇਸ਼ ਐਲਾਨ ਕਰਾਂਗੇ। ਹੁਣ ਗੋਆ ’ਚ ਕਾਂਗਰਸ ਦੇ ਉਮੀਦਵਾਰ ਕਹਿ ਰਹੇ ਹਨ ਕਿ ਭਾਰਤ ਦਾ ਸੰਵਿਧਾਨ ਗੋਆ ’ਤੇ ਲਾਗੂ ਨਹੀਂ ਹੁੰਦਾ। ਉਹ ਸਪੱਸ਼ਟ ਤੌਰ ’ਤੇ ਕਹਿ ਰਹੇ ਹਨ ਕਿ ਦੇਸ਼ ਦਾ ਸੰਵਿਧਾਨ ਗੋਆ ’ਤੇ ਥੋਪਿਆ ਗਿਆ ਹੈ।’’