ਮੋਦੀ ਦੀ ‘ਤੁਸ਼ਟੀਕਰਨ’ ਤੇ ‘ਮੰਗਲਸੂਤਰ’ ਵਾਲੀ ਟਿਪਣੀ ’ਤੇ ਵਿਰੋਧੀ ਧਿਰ ਨੇ ਦਿਤਾ ਜਵਾਬ, ਜਾਣੋ ਕੀ ਬੋਲੇ ਚਿਦੰਬਰਮ ਅਤੇ ਫ਼ਾਰੂਕ ਅਬਦੁੱਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਚੋਣ ਐਲਾਨਨਾਮੇ ’ਚ ਇਕ ਪੈਰਾ ਵਿਖਾਉ ਜੋ ‘ਤੁਸ਼ਟੀਕਰਨ’ ਨੂੰ ਦਰਸਾਉਂਦਾ ਹੋਵੇ : ਚਿਦੰਬਰਮ

P. Chidambaram and Farooq Abdullah

ਕਾਂਗਰਸ ਸਮਾਜ ਦੇ ਹਰ ਵਰਗ ਨੂੰ ਨਿਆਂ ਦਿਵਾਉਣਾ ਚਾਹੁੰਦੀ ਹੈ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ : ਚਿਦੰਬਰਮ

ਸ਼ਿਮਲਾ: ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂਆਂ ਨੂੰ ਚੁਨੌਤੀ ਦਿਤੀ ਕਿ ਉਹ ਕਾਂਗਰਸ ਦੇ ਚੋਣ ਐਲਾਨਨਾਮੇ ’ਚ ਇਕ ਪੈਰਾ ਇਸ ਤਰ੍ਹਾਂ ਦਾ ਵਿਖਾਉਣ ਕਿ ਇਹ ‘ਤੁਸ਼ਟੀਕਰਨ’ ਨੂੰ ਦਰਸਾਉਂਦਾ ਹੋਵੇ। 

ਉਹ ਮੋਦੀ ਅਤੇ ਭਾਜਪਾ ਦੇ ਕਾਂਗਰਸ ਵਿਰੁਧ ਦੋਸ਼ਾਂ ਦਾ ਜਵਾਬ ਦੇ ਰਹੇ ਸਨ ਕਿ ਪਾਰਟੀ ਦਾ ਚੋਣ ਐਲਾਨਨਾਮੇ ਤੁਸ਼ਟੀਕਰਨ ਨੂੰ ਦਰਸਾਉਂਦਾ ਹੈ ਅਤੇ ਜੇ ਉਹ ਸੱਤਾ ’ਚ ਆਉਂਦੀ ਹੈ ਤਾਂ ਉਹ ਲੋਕਾਂ ਦੀ ਦੌਲਤ ਨੂੰ ਬਰਾਬਰ ਵੰਡੇਗੀ ਅਤੇ ਮੁਸਲਮਾਨਾਂ ਨੂੰ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਲਈ ਰਾਖਵਾਂਕਰਨ ਤੋਂ ਕੋਟਾ ਪ੍ਰਦਾਨ ਕਰੇਗੀ। 

ਸੀਨੀਅਰ ਕਾਂਗਰਸੀ ਨੇਤਾ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਚੋਣ ਐਲਾਨਨਾਮੇ ਸਮਾਜਕ ਅਤੇ ਆਰਥਕ ਬਰਾਬਰੀਆਂ ਨੂੰ ਉਜਾਗਰ ਕਰਦਾ ਹੈ ਅਤੇ ਪਾਰਟੀ ਦਾ ਉਦੇਸ਼ ਸਮਾਜ ਦੇ ਹਰ ਵਰਗ ਨੂੰ ਨਿਆਂ ਦੇਣਾ ਹੈ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ। 

ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨੂੰ ਚੋਣ ਐਲਾਨਨਾਮੇ ਵਿਚ ਇਕ ਪੈਰਾ ਦੇਣ ਲਈ ਕਹੋ ਤਾਂ ਜੋ ਇਹ ਸਿੱਟਾ ਕਢਿਆ ਜਾ ਸਕੇ ਕਿ ਅਸੀਂ ਇਕ ਵਰਗ ਨੂੰ ਖੁਸ਼ ਕਰ ਰਹੇ ਹਾਂ।’’ ਉਨ੍ਹਾਂ ਕਿਹਾ, ‘‘ਸੱਭ ਤੋਂ ਵੱਧ ਪ੍ਰਭਾਵਤ ਲੋਕ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਗਰੀਬ ਵਰਗਾਂ ਦੇ ਹਨ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ। ਇਸ ਦਾ ਮਤਲਬ ਹੈ ਗਰੀਬ ਹਿੰਦੂ, ਮੁਸਲਮਾਨ, ਈਸਾਈ ਅਤੇ ਸਿੱਖ। ਅਸੀਂ ਕਹਿ ਰਹੇ ਹਾਂ ਕਿ ਅਸੀਂ ਹਰ ਵਰਗ ਨੂੰ ਨਿਆਂ ਦੇਵਾਂਗੇ।’’ ਉਨ੍ਹਾਂ ਕਿਹਾ, ‘‘ਜੇਕਰ ਨਿਆਂ ਪ੍ਰਦਾਨ ਕਰਨਾ ਤੁਸ਼ਟੀਕਰਨ ਮੰਨਿਆ ਜਾਂਦਾ ਹੈ ਤਾਂ ਅਜਿਹਾ ਹੀ ਸਹੀ।’’

ਚਿਦੰਬਰਮ ਨੇ ਕਿਹਾ, ‘‘ਲੋਕਾਂ ਨੂੰ ਕਾਂਗਰਸ ਦਾ ਚੋਣ ਐਲਾਨਨਾਮੇ ਪ੍ਰਭਾਵਸ਼ਾਲੀ ਲੱਗਿਆ ਅਤੇ ਇਸ ਨਾਲ ਭਾਜਪਾ ਨੂੰ ਈਰਖਾ ਹੋਈ ਕਿਉਂਕਿ ਸੱਤਾਧਾਰੀ ਪਾਰਟੀ ਦੇ ਮੈਨੀਫੈਸਟੋ ਵਿਚ ਕੁੱਝ ਵੀ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ ਕਾਂਗਰਸ ਦੇ ਚੋਣ ਐਲਾਨਨਾਮੇ ਦੀ ਚਰਚਾ ਹੋ ਰਹੀ ਹੈ, ਜਦਕਿ ਕੋਈ ਵੀ ਭਾਜਪਾ ਦੇ ਚੋਣ ਐਲਾਨਨਾਮੇ ਦੀ ਗੱਲ ਨਹੀਂ ਕਰ ਰਿਹਾ, ਜੋ ਕਿ ਚੋਣ ਐਲਾਨਨਾਮੇ ਵੀ ਨਹੀਂ ਹੈ ਕਿਉਂਕਿ ਇਸ ਦਾ ਨਾਂ ‘ਮੋਦੀ ਕੀ ਗਰੰਟੀ’ ਹੈ।

ਮੋਦੀ ਦੇ 400 ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ਦਾ ਜਵਾਬ ਦਿੰਦੇ ਹੋਏ ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਭਾਜਪਾ ਤਾਮਿਲਨਾਡੂ ਦੀਆਂ 25 ਅਤੇ ਕੇਰਲ ਦੀਆਂ 20 ਸੀਟਾਂ ’ਤੇ ਚੋਣ ਲੜ ਰਹੀ ਹੈ ਅਤੇ ਸਾਰੀਆਂ ਸੀਟਾਂ ਹਾਰ ਜਾਵੇਗੀ। ਉਨ੍ਹਾਂ ਨੇ ਵਿਅੰਗ ਕਰਦਿਆਂ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘‘ਤੁਹਾਨੂੰ 400 ਸੀਟਾਂ ਕਿੱਥੋਂ ਮਿਲਣਗੀਆਂ, ਜੇਕਰ ਉਹ ਕਿਸੇ ਹੋਰ ਦੇਸ਼ ਤੋਂ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ ਤਾਂ ਇਹ ਵੱਖਰੀ ਗੱਲ ਹੈ।’’

ਸਾਡਾ ਧਰਮ ਸਾਨੂੰ ਦੂਜੇ ਧਰਮਾਂ ਨੂੰ ਘੱਟ ਸਮਝਣਾ ਨਹੀਂ ਸਿਖਾਉਂਦਾ: ਫਾਰੂਕ ਅਬਦੁੱਲਾ 

ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਗਲਸੂਤਰ ਟਿਪਣੀ ਨੂੰ ਲੈ ਕੇ ਉਨ੍ਹਾਂ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ‘ਸਾਡਾ ਧਰਮ ਸਾਨੂੰ ਦੂਜੇ ਧਰਮਾਂ ਨੂੰ ਘੱਟ ਸਮਝਣਾ ਨਹੀਂ ਸਿਖਾਉਂਦਾ ਅਤੇ ਇਕ ਮੁਸਲਮਾਨ ਕਦੇ ਵੀ ਹਿੰਦੂ ਔਰਤਾਂ ਦਾ ਮੰਗਲਸੂਤਰ ਨਹੀਂ ਖੋਹ ਸਕਦਾ।’ ਉਨ੍ਹਾਂ ਕਿਹਾ, ‘‘ਇਹ ਮੰਦਭਾਗਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਨੇ ਅਜਿਹੀ ਗੱਲ ਕਹੀ।’’ ਅਬਦੁੱਲਾ ਨੇ ਕਿਹਾ, ‘‘ਸਾਡਾ ਇਸਲਾਮ ਧਰਮ ਸਾਨੂੰ ਸਾਰਿਆਂ ਨਾਲ ਬਰਾਬਰ ਦਾ ਸਲੂਕ ਕਰਨ ਲਈ ਕਹਿੰਦਾ ਹੈ। ਸਾਡਾ ਧਰਮ ਸਾਨੂੰ ਦੂਜੇ ਧਰਮਾਂ ਨੂੰ ਘੱਟ ਸਮਝਣਾ ਨਹੀਂ ਸਿਖਾਉਂਦਾ। ਇਹ ਸਾਨੂੰ ਦੂਜੇ ਧਰਮਾਂ ਦਾ ਉਸੇ ਤਰ੍ਹਾਂ ਸਤਿਕਾਰ ਕਰਨ ਲਈ ਕਹਿੰਦਾ ਹੈ ਜਿਵੇਂ ਅਸੀਂ ਅਪਣੇ ਵਿਸ਼ਵਾਸ ਦਾ ਸਤਿਕਾਰ ਕਰਦੇ ਹਾਂ।’’ ਉਨ੍ਹਾਂ ਕਿਹਾ, ‘‘ਅਜਿਹਾ ਕਦੇ ਨਹੀਂ ਹੋਵੇਗਾ ਕਿ ਕੋਈ ਮੁਸਲਮਾਨ ਕਿਸੇ ਹਿੰਦੂ ਮਾਂ ਜਾਂ ਭੈਣ ਦਾ ਮੰਗਲਸੂਤਰ ਖੋਹ ਲਵੇ। (ਜੇ ਕੋਈ ਅਜਿਹਾ ਕਰਦਾ ਹੈ), ਤਾਂ ਉਹ ਮੁਸਲਮਾਨ ਨਹੀਂ ਹੈ। ਉਹ ਇਸਲਾਮ ਨੂੰ ਨਹੀਂ ਸਮਝਦਾ।’’ 

ਕਾਂਗਰਸ ਪ੍ਰਧਾਨ ਮੰਤਰੀ ਵਿਰੁਧ ਕਾਨੂੰਨੀ ਬਦਲਾਂ ਦੀ ਭਾਲ ਕਰ ਰਹੀ ਹੈ : ਸ਼੍ਰੀਨੇਤ 

ਗੁਹਾਟੀ: ਕਾਂਗਰਸ ਦੀ ਬੁਲਾਰਾ ਸੁਪ੍ਰਿਆ ਸ਼੍ਰੀਨੇਤ ਨੇ ਕਿਹਾ ਕਿ ਚੋਣ ਕਮਿਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ‘ਜਾਇਦਾਦ ਦੀ ਮੁੜ ਵੰਡ’ ਬਾਰੇ ਟਿਪਣੀ ਨੂੰ ਲੈ ਕੇ ਕੀਤੀ ਗਈ ਸ਼ਿਕਾਇਤ ’ਤੇ ਕਾਰਵਾਈ ਨਹੀਂ ਕਰ ਰਿਹਾ ਹੈ ਅਤੇ ਪਾਰਟੀ ਕਾਨੂੰਨੀ ਬਦਲਾਂ ਦੀ ਤਲਾਸ਼ ਕਰ ਰਹੀ ਹੈ। ਸ਼੍ਰੀਨੇਤ ਨੇ ਕਿਹਾ ਕਿ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਨੂੰ ਲੋਕਾਂ ’ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਅਤੇ ਜੇਕਰ ਭਰੋਸਾ ਟੁੱਟਦਾ ਹੈ ਤਾਂ ਉਨ੍ਹਾਂ ਨੂੰ ਇਸ ਨੂੰ ਬਹਾਲ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ’ਚ ਨਫ਼ਰਤ ਭਰੇ ਭਾਸ਼ਣ ਦਿਤੇ। ਮੇਰੇ ਸਾਥੀ ਸੋਮਵਾਰ ਨੂੰ ਚੋਣ ਕਮਿਸ਼ਨ ਨੂੰ ਮਿਲੇ ਅਤੇ ਅਸੀਂ ਉਨ੍ਹਾਂ ’ਤੇ ਦੋਸ਼ ਲਗਾਏ ਹਨ। ਕਿਉਂਕਿ ਉਹ ਸਾਡੀ ਸ਼ਿਕਾਇਤ ’ਤੇ ਕਾਰਵਾਈ ਨਹੀਂ ਕਰ ਰਹੇ ਹਨ, ਅਸੀਂ ਕਾਨੂੰਨੀ ਬਦਲਾਂ ’ਤੇ ਵਿਚਾਰ ਕਰ ਰਹੇ ਹਾਂ।’’ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਇਹ ਦਾਅਵਾ ਕਰ ਕੇ ਸਿਆਸੀ ਵਿਵਾਦ ਖੜਾ ਕਰ ਦਿਤਾ ਸੀ ਕਿ ਕਾਂਗਰਸ ਦੇ ਚੋਣ ਐਲਾਨਨਾਮੇ ’ਚ ਸਰਵੇਖਣ ਕਰਨ ਤੋਂ ਬਾਅਦ ਦੌਲਤ ਦੀ ਮੁੜ ਵੰਡ ਦਾ ਵਾਅਦਾ ਕੀਤਾ ਗਿਆ ਹੈ।