ਵੋਟਿੰਗ ਨੂੰ ਵਧਾਉਣ ਲਈ ਇਸ ਲੋਕ ਸਭਾ ਹਲਕੇ ਦੇ ਦੁਕਾਨਦਾਰਾਂ ਨੇ ਲੋਕਾਂ ਨੂੰ ਕੀਤੀ ਮੁਫਤ ਪੋਹਾ-ਜਲੇਬੀ, ਆਈਸਕ੍ਰੀਮ ਦੀ ਪੇਸ਼ਕਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਸਿੰਘ ਨੇ ਹਲਕੇ ਦੇ ਵਪਾਰੀਆਂ ਨਾਲ ਕੀਤੀ ਮੀਟਿੰਗ, ਇੰਦੌਰ ਲੋਕ ਸਭਾ ਹਲਕੇ ਨੂੰ ਵੋਟਿੰਗ ਦੇ ਮਾਮਲੇ ’ਚ ਦੇਸ਼ ਦਾ ਨੰਬਰ ਇਕ ਬਣਾਉਣਾ ਦਸਿਆ ਟੀਚਾ

Representative Image.

ਇੰਦੌਰ: ਮੱਧ ਪ੍ਰਦੇਸ਼ ਦੇ ਸੱਭ ਤੋਂ ਵੱਡੇ ਲੋਕ ਸਭਾ ਹਲਕੇ ਇੰਦੌਰ ’ਚ 13 ਮਈ ਨੂੰ ਹੋਣ ਵਾਲੀਆਂ ਚੋਣਾਂ ਨੂੰ ਵਧਾਉਣ ਲਈ ‘ਸਵਾਦੀ’ ਪੇਸ਼ਕਸ਼ ਕੀਤੀ ਗਈ ਹੈ। ਸ਼ਹਿਰ ਦੇ ਵੱਖ-ਵੱਖ ਵਪਾਰਕ ਅਦਾਰਿਆਂ ਨੇ ਵੋਟਿੰਗ ਦੇ ਸ਼ੁਰੂਆਤੀ ਘੰਟਿਆਂ ’ਚ ਵੋਟ ਪਾਉਣ ਵਾਲੇ ਲੋਕਾਂ ਨੂੰ ਪੋਹਾ, ਜਲੇਬੀ, ਆਈਸਕ੍ਰੀਮ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਮੁਫਤ ’ਚ ਪਰੋਸਣ ਦਾ ਫੈਸਲਾ ਕੀਤਾ ਹੈ। 

ਅਧਿਕਾਰੀਆਂ ਨੇ ਦਸਿਆ ਕਿ ਇਹ ਫੈਸਲਾ ਮੰਗਲਵਾਰ ਨੂੰ ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਨ੍ਹਾਂ ਵਪਾਰਕ ਅਦਾਰਿਆਂ ਦੀ ਮੀਟਿੰਗ ’ਚ ਲਿਆ ਗਿਆ। ਆਸ਼ੀਸ਼ ਸਿੰਘ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਇੰਦੌਰ ਲੋਕ ਸਭਾ ਹਲਕੇ ਨੂੰ ਵੋਟਿੰਗ ਦੇ ਮਾਮਲੇ ’ਚ ਦੇਸ਼ ਦਾ ਨੰਬਰ ਇਕ ਬਣਾਉਣਾ ਚਾਹੁੰਦੇ ਹਾਂ। ਇਸ ਦੇ ਲਈ ਵਪਾਰਕ ਅਦਾਰਿਆਂ ਦੀ ਮਦਦ ਵੀ ਲਈ ਜਾ ਰਹੀ ਹੈ।’’

ਸ਼ਹਿਰ ਦੀ ਪ੍ਰਸਿੱਧ ਚਾਟ-ਚੌਪਟੀ ‘56 ਦੁਕਾਨ’ ਦੀ ਵਪਾਰੀ ਸੰਘ ਦੀ ਪ੍ਰਧਾਨ ਗੁੰਜਨ ਸ਼ਰਮਾ ਨੇ ਦਸਿਆ ਕਿ ਜੋ ਲੋਕ ਸਵੇਰੇ 7 ਵਜੇ ਤੋਂ 9 ਵਜੇ ਦੇ ਵਿਚਕਾਰ ਵੋਟ ਪਾਉਣਗੇ, ਉਨ੍ਹਾਂ ਨੂੰ ਇਸ ਚਾਟ-ਚੌਪਾਟੀ ’ਤੇ ਮੁਫਤ ਪੋਹਾ-ਜਲੇਬੀ ਦਿਤੀ ਜਾਵੇਗੀ। ਉਨ੍ਹਾਂ ਕਿਹਾ, ‘‘ਇਸ ਸਮੇਂ ਦੌਰਾਨ ਵੋਟ ਪਾਉਣ ਵਾਲੇ ਬਜ਼ੁਰਗ ਨਾਗਰਿਕਾਂ ਅਤੇ ਅਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜੁਆਨਾਂ ਨੂੰ ਸਾਡੀ ਚਾਟ-ਚੌਪਾਟੀ ’ਤੇ ਪੋਹਾ-ਜਲੇਬੀ ਦੇ ਨਾਲ ਮੁਫਤ ਆਈਸਕ੍ਰੀਮ ਦਿਤੀ ਜਾਵੇਗੀ। ਇਸ ਦੇ ਲਈ ਉਨ੍ਹਾਂ ਨੂੰ ਦੁਕਾਨਦਾਰਾਂ ਨੂੰ ਅਪਣੀ ਉਂਗਲ ’ਤੇ ਅਮਿੱਟ ਸਿਆਹੀ ਦਾ ਨਿਸ਼ਾਨ ਵਿਖਾਉਣਾ ਹੋਵੇਗਾ।’’

ਅਧਿਕਾਰੀਆਂ ਨੇ ਦਸਿਆ ਕਿ ਸ਼ਹਿਰ ਦੇ ਕੁੱਝ ਹੋਰ ਵਪਾਰਕ ਅਦਾਰਿਆਂ ਨੇ ਸਵੇਰੇ ਵੋਟ ਪਾਉਣ ਵਾਲੇ ਲੋਕਾਂ ਨੂੰ ਨੂਡਲਸ ਅਤੇ ਮੰਚੂਰੀਅਨ ਵਰਗੇ ਪਕਵਾਨ ਮੁਫਤ ਦੇਣ ਦੀ ਪੇਸ਼ਕਸ਼ ਕੀਤੀ ਹੈ। ਇੰਦੌਰ ਲੋਕ ਸਭਾ ਹਲਕੇ ’ਚ 2019 ਦੀਆਂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ 69 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ ਸੀ। ਇਸ ਲੋਕ ਸਭਾ ਹਲਕੇ ’ਚ 25.13 ਲੱਖ ਵੋਟਰ ਹਨ।