ਭਾਰਤ ਅਤਿਵਾਦ ਅੱਗੇ ਨਹੀਂ ਝੁਕੇਗਾ : ਅਮਿਤ ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗ੍ਰਹਿ ਮੰਤਰੀ ਨੇ ਪਹਿਲਗਾਮ ਅਤਿਵਾਦੀ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ

India will not bow to terrorism: Amit Shah

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਇਕ ਸੈਰ-ਸਪਾਟਾ ਸਥਾਨ ’ਤੇ ਅਤਿਵਾਦੀਆਂ ਵਲੋਂ 26 ਲੋਕਾਂ ਦੀ ਹੱਤਿਆ ਕੀਤੇ ਜਾਣ ਦੇ ਇਕ ਦਿਨ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁਧਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਦੇਸ਼ ਅਤਿਵਾਦ ਅੱਗੇ ਨਹੀਂ ਝੁਕੇਗਾ ਅਤੇ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਸੈਲਾਨੀਆਂ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਅਤਿਵਾਦੀ ਹਮਲੇ ’ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ’ਤੇ ਫੁੱਲ ਭੇਟ ਕਰਨ ਤੋਂ ਬਾਅਦ ਉਨ੍ਹਾਂ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਭਾਰੀ ਦਿਲ ਨਾਲ ਪਹਿਲਗਾਮ ਅਤਿਵਾਦੀ ਹਮਲੇ ’ਚ ਮਾਰੇ ਗਏ ਲੋਕਾਂ ਨੂੰ ਅੰਤਿਮ ਸ਼ਰਧਾਂਜਲੀ ਦਿਤੀ ਗਈ। ਭਾਰਤ ਅਤਿਵਾਦ ਅੱਗੇ ਨਹੀਂ ਝੁਕੇਗਾ।’’ ਉਨ੍ਹਾਂ ਇਹ ਵੀ ਕਿਹਾ ਕਿ ਇਸ ਘਿਨਾਉਣੇ ਅਤਿਵਾਦੀ ਹਮਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਸ਼ਾਹ ਨੇ ਇੱਥੇ ਪੁਲਿਸ ਕੰਟਰੋਲ ਰੂਮ ’ਚ ਅਤਿਵਾਦੀ ਹਮਲੇ ਦੇ ਪੀੜਤਾਂ ਦੇ ਤਾਬੂਤਾਂ ’ਤੇ ਫੁੱਲ ਭੇਟ ਕੀਤੇ। ਗ੍ਰਹਿ ਮੰਤਰੀ ਨੇ ਬਾਅਦ ’ਚ ਮਾਰੇ ਗਏ ਵਿਅਕਤੀਆਂ ਦੇ ਪਰਵਾਰਾਂ ਅਤੇ ਹਮਲੇ ’ਚ ਬਚੇ ਹੋਰ ਲੋਕਾਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਸੁਰੱਖਿਆ ਬਲ ਇਸ ਘਾਤਕ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਇਸ ਤੋਂ ਪਹਿਲਾਂ ਸ਼ਾਹ ਨੇ ਪਹਿਲਗਾਮ ’ਚ 26 ਸੈਲਾਨੀਆਂ ਦੀ ਭਿਆਨਕ ਹੱਤਿਆ ਦੇ ਸਥਾਨ ਬੈਸਰਨ ਘਾਹ ਦੇ ਮੈਦਾਨਾਂ ਦਾ ਵੀ ਦੌਰਾ ਕੀਤਾ ਅਤੇ ਫੌਜ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ।ਬਾਅਦ ਵਿਚ ਇਕ ਹੋਰ ਪੋਸਟ ਵਿਚ ਗ੍ਰਹਿ ਮੰਤਰੀ ਨੇ ਕਿਹਾ, ‘‘ਹਰ ਭਾਰਤੀ ਅਤਿਵਾਦੀ ਹਮਲੇ ਵਿਚ ਅਪਣੇ ਪਿਆਰਿਆਂ ਨੂੰ ਗੁਆਉਣ ਵਾਲਿਆਂ ਦੇ ਦਰਦ ਨੂੰ ਮਹਿਸੂਸ ਕਰਦਾ ਹੈ ਅਤੇ ਇਸ ਦੁੱਖ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਇਨ੍ਹਾਂ ਸਾਰੇ ਪਰਵਾਰਾਂ ਅਤੇ ਪੂਰੇ ਦੇਸ਼ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਬੇਕਸੂਰ ਲੋਕਾਂ ਨੂੰ ਮਾਰਨ ਵਾਲੇ ਇਨ੍ਹਾਂ ਅਤਿਵਾਦੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।’’

ਸ਼ਾਹ ਬੁਧਵਾਰ ਰਾਤ ਨੂੰ ਹਮਲੇ ਦੇ ਕੁੱਝ ਘੰਟਿਆਂ ਦੇ ਅੰਦਰ ਇੱਥੇ ਪਹੁੰਚੇ ਅਤੇ ਪੁਲਿਸ ਡਾਇਰੈਕਟਰ ਜਨਰਲ ਨਲਿਨ ਪ੍ਰਭਾਤ ਨੇ ਉਨ੍ਹਾਂ ਨੂੰ ਸਥਿਤੀ ਬਾਰੇ ਜਾਣਕਾਰੀ ਦਿਤੀ। ਗ੍ਰਹਿ ਮੰਤਰੀ ਨੇ ਇਕ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ ਜਿਸ ’ਚ ਉਪ ਰਾਜਪਾਲ ਵੀ ਸ਼ਾਮਲ ਹੋਏ।ਸ਼ਾਹ ਹੈਲੀਕਾਪਟਰ ਰਾਹੀਂ ਬੈਸਰਨ ਘਾਹ ਦੇ ਮੈਦਾਨ ਪਹੁੰਚੇ ਸਨ ਅਤੇ ਸੁਰੱਖਿਆ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਣਕਾਰੀ ਦਿਤੀ। ਸੂਤਰਾਂ ਨੇ ਦਸਿਆ ਕਿ ਗ੍ਰਹਿ ਮੰਤਰੀ ਨੂੰ ਘਟਨਾ ਕ੍ਰਮ ਅਤੇ ਅਤਿਵਾਦੀਆਂ ਵਲੋਂ ਪ੍ਰਸਿੱਧ ਸੈਰ-ਸਪਾਟਾ ਸਥਾਨ ਤਕ ਪਹੁੰਚਣ ਲਈ ਸੰਭਾਵਤ ਰਸਤਿਆਂ ਬਾਰੇ ਦਸਿਆ ਗਿਆ। ਜੰਮੂ-ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਨਲਿਨ ਪ੍ਰਭਾਤ ਅਤੇ ਫੌਜ ਦੀ 15ਵੀਂ ਕੋਰ ਦੇ ਜੀਓਸੀ ਲੈਫਟੀਨੈਂਟ ਜਨਰਲ ਪ੍ਰਸ਼ਾਂਤ ਸ਼੍ਰੀਵਾਸਤਵ ਉਨ੍ਹਾਂ ਸੀਨੀਅਰ ਅਧਿਕਾਰੀਆਂ ’ਚ ਸ਼ਾਮਲ ਸਨ, ਜੋ ਸ਼੍ਰੀਨਗਰ ਤੋਂ ਕਰੀਬ 110 ਕਿਲੋਮੀਟਰ ਦੂਰ ਘਟਨਾ ਵਾਲੀ ਥਾਂ ’ਤੇ ਮੌਜੂਦ ਸਨ। ਸ਼ਾਹ ਨੇ ਇਲਾਕੇ ਦਾ ਹਵਾਈ ਸਰਵੇਖਣ ਵੀ ਕੀਤਾ। ਗ੍ਰਹਿ ਮੰਤਰੀ ਦੇ ਨਾਲ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਸਨ।