ਕੋਲਕਾਤਾ/ਨਵੀਂ ਦਿੱਲੀ : 26 ਜਾਨਾਂ ਲੈਣ ਵਾਲੇ ਪਹਿਲਗਾਮ ਅਤਿਵਾਦੀ ਹਮਲੇ ਕਾਰਨ ਕਸ਼ਮੀਰ ਜਾਣ ਦੀ ਯੋਜਨਾ ਬਣਾ ਰਹੇ ਸੈਲਾਨੀਆਂ ’ਚ ਵੱਡੀ ਕਮੀ ਦਰਜ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਨੂੰ ਜਾਣ ਵਾਲੇ ਟੂਰ ਵੱਡੇ ਪੱਧਰ ’ਤੇ ਰੱਦ ਕੀਤੇ ਜਾ ਰਹੇ ਹਨ। ਜਦਕਿ ਕਸ਼ਮੀਰ ਪੁੱਜੇ ਹਜ਼ਾਰਾਂ ਸੈਲਾਨੀਆਂ ਨੇ ਕਸ਼ਮੀਰ ਨੂੰ ਛੱਡ ਕੇ ਜਾਣਾ ਸ਼ੁਰੂ ਕਰ ਦਿਤਾ ਹੈ।
ਜੰਮੂ-ਕਸ਼ਮੀਰ ਦੇ ਸਫ਼ਰ ’ਤੇ ਜਾਣ ਵਾਲੇ ਪ੍ਰਮੁੱਖ ਕੇਂਦਰ ਕੋਲਕਾਤਾ ਦੇ ਉਦਯੋਗ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਘਟਨਾ ਵਾਦੀ ’ਚ ਕਈ ਸਾਲਾਂ ਮਗਰੋਂ ਸੈਰ-ਸਪਾਟੇ ਦੀ ਬਹਾਲੀ ਦੀਆਂ ਕੋਸ਼ਿਸ਼ਾਂ ਅਤੇ ਵਿਕਾਸ ਦਾ ਅਸਰ ਖ਼ਤਮ ਕਰ ਸਕਦਾ ਹੈ। ਇਹ ਹਮਲਾ ਪਹਿਲੀ ਅਜਿਹੀ ਯਾਦ ਬਣ ਗਿਆ ਹੈ ਜਦੋਂ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਭਾਰਤੀ ਟਰੈਵਲ ਏਜੰਟ ਫ਼ੈਡਰੇਸ਼ਨ ਦੇ ਪੂਰਬੀ ਚੈਪਟਰ ਦੇ ਚੇਅਰਪਰਸਨ ਬਿਲੋਲਕਸ਼ਾ ਦਾਸ ਨੇ ਇਸ ਹਮਲੇ ਨੂੰ ਪਾਗਲਪਨ ਦਸਦਿਆਂ ਕਿਹਾ, ‘‘ਪਹਿਲਾਂ ਵੀ ਕਸ਼ਮੀਰ ’ਚ ਅਤਿਵਾਦੀ ਹਮਲੇ ਹੁੰਦੇ ਸਨ ਪਰ ਕਦੇ ਸੈਲਾਨੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਪੂਰਾ ਸੈਰ-ਸਪਾਟਾ ਉਦਯੋਗ ਅਤੇ ਇਸ ਦੇ ਹਿੱਸੇਦਾਰ ਕਸ਼ਮੀਰ ਦੇ ਆਲੇ-ਦੁਆਲੇ ਘੁੰਮਦੇ ਹਨ। ਇਸ ਘਟਨਾ ਤੋਂ ਬਾਅਦ ਸਾਰਾ ਢਾਂਚਾ ਹਿੱਲ ਜਾਵੇਗਾ।’’ ਉਨ੍ਹਾਂ ਕਿਹਾ ਕਿ ਟੂਰ ਆਪਰੇਟਰਾਂ ਨੂੰ ਹਮਲੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਡਰੇ ਹੋਏ ਲੋਕਾਂ ਵਲੋਂ ਟੂਰ ਰੱਦ ਕਰਨ ਦੀਆਂ ਕਾਲਾਂ ਲਗਾਤਾਰ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੰਗਲਵਾਰ ਰਾਤ ਤੋਂ ਹੀ ਕਈ ਬੁਕਿੰਗ ਰੱਦ ਕਰ ਦਿਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੈਲਾਨੀਆਂ ਲਈ ਪਿਛਲੇ ਕੁੱਝ ਸਾਲਾਂ ’ਚ ਕਸ਼ਮੀਰ ਪ੍ਰਮੁੱਖ ਸਥਾਨ ਸੀ।
ਉਧਰ ਜੰਮੂ-ਕਸ਼ਮੀਰ ਦੇ ਭਾਰਤੀ ਟਰੈਵਲ ਏਜੰਟ ਫ਼ੈਡਰੇਸ਼ਨ ਦੇ ਮੁਖੀ ਸ਼ਮੀਮ ਸ਼ਾਹ ਨੇ ਕਿਹਾ ਕਿ ਇਸ ਘਟਨਾ ਨਾਲ ਸੈਰ-ਸਪਾਟੇ ’ਤੇ ਅਸਰ ਪਵੇਗਾ ਪਰ ਕਿੰਨਾ ਕੁ ਅਸਰ ਪਵੇਗਾ ਇਸ ਬਾਰੇ ਅਜੇ ਨਹੀਂ ਦਸਿਆ ਜਾ ਸਕਦਾ। ਉਨ੍ਹਾਂ ਕਿਹਾ, ‘‘ਸੈਲਾਨੀ ਅਪਣੀਆਂ ਯੋਜਨਾਵਾਂ ਨੂੰ ਰੋਕ ਸਕਦੇ ਹਨ। ਪਰ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਕਿੰਨਾ ਕੁ ਅਸਰ ਪਵੇਗਾ।’’
ਜ਼ਿਕਰਯੋਗ ਹੈ ਕਿ 2024 ’ਚ 2.35 ਕਰੋੜ ਸੈਲਾਨੀ ਕਸ਼ਮੀਰ ਆਏ ਸਨ ਜੋ ਪਿਛਲੇ ਤਿੰਨ ਸਾਲਾਂ ’ਚ ਸਭ ਤੋਂ ਵੱਧ ਹੈ। 30 ਫ਼ੀ ਸਦੀ ਤੋਂ ਜ਼ਿਆਦਾ ਸੈਲਾਨੀ ਪੂਰਬੀ ਭਾਰਤ, ਖ਼ਾਸ ਕਰ ਕੇ ਪਛਮੀ ਬੰਗਾਲ, ਤੋਂ ਕਸ਼ਮੀਰ ਆਉਂਦੇ ਹਨ।
ਉਧਰ ਦਿੱਲੀ ਦੇ ਟਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਸੈਲਾਨੀਆਂ ਨੇ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ 90 ਫ਼ੀ ਸਦੀ ਬੁਕਿੰਗ ਰੱਦ ਕਰ ਦਿਤੀ ਹੈ। ਕਨਾਟ ਪਲੇਸ ’ਚ ਸਥਿਤ ਸਵਾਨ ਟਰੈਵਲਰਜ਼ ਦੇ ਮਾਲਕ ਗੌਰਵ ਰਾਠੀ ਨੇ ਕਿਹਾ, ‘‘25 ਲੋਕਾਂ ਨੇ ਅਪਣੀ ਕਸ਼ਮੀਰ ਦੀ ਬੁਕਿੰਗ ਰੱਦ ਕਰਨ ਲਈ ਕਿਹਾ ਹੈ।’’ ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਕਸ਼ਮੀਰ ਜਾਣ ਦੀ ਯੋਜਨਾ ਬਣਾ ਰਹੇ ਜ਼ਿਆਦਾਤਰ ਲੋਕਾਂ ਨੇ ਬੁਕਿੰਗ ਰੱਦ ਕਰਨ ਦੀ ਮੰਗ ਕੀਤੀ ਹੈ। ਸਭ ਤੋਂ ਜ਼ਿਆਦਾ ਬੁਕਿੰਗ ਗੁਲਮਰਗ, ਹਾਜਨ ਵਾਦੀ ਅਤੇ ਟਿਊਲਿਪ ਗਾਰਡਨਜ਼ ਲਈ ਸੀ।
ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਮੰਗਲਵਾਰ ਨੂੰ ਕੁੱਝ ਬੁਰੀ ਸੋਚ ਵਾਲੇ ਲੋਕਾਂ ਨੇ ਵਾਦੀ ’ਚ ਵੱਖਵਾਦ ਅਤੇ ਅਤਿਵਾਦੀ ਨੂੰ ਮੁੜ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਮੰਤਰਾਲਾ ਜੰਮੂ ਅਤੇ ਕਸ਼ਮੀਰ ’ਚ ਸੈਰ-ਸਪਾਟੇ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਦਫ਼ਤਰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸੈਰ-ਸਪਾਟਾ ਸਕੱਤਰ ਨਾਲ ਲਗਾਤਾਰ ਸੰਪਰਕ ’ਚ ਹੈ ਅਤੇ ਹਾਲਾਤ ’ਤੇ ਨਜ਼ਰ ਰੱਖ ਰਿਹਾ ਹੈ।
ਉਧਰ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਅਤਿਵਾਦੀ ਹਮਲੇ ਮਗਰੋਂ ਦਹਿਸ਼ਤ ’ਚ ਆਏ ਸੈਲਾਨੀਆਂ ਵਲੋਂ ਕਸ਼ਮੀਰ ਨੂੰ ਛੱਡ ਕੇ ਜਾਂਦਾ ਵੇਖਣਾ ਦਿਲ ਤੋੜਨ ਵਾਲਾ ਹੈ। ਉਨ੍ਹਾਂ ਇਕ ‘ਐਕਸ’ ਪੋਸਟ ’ਚ ਕਿਹਾ, ‘‘ਸੈਲਾਨੀਆਂ ਨੂੰ ਵਾਦੀ ਛੱਡ ਕੇ ਜਾਂਦਾ ਵੇਖਣਾ ਦਿਲ ਤੋੜਨ ਵਾਲਾ ਹੈ। ਪਰ ਮੈਂ ਸਮਝ ਸਕਦਾ ਹਾਂ ਕਿ ਲੋਕ ਕਿਉਂ ਜਾ ਰਹੇ ਹਨ। ਡੀ.ਜੀ.ਸੀ.ਏ. ਭਾਰੀ ਮੰਗ ਨੂੰ ਪੂਰਾ ਕਰਨ ਲਈ ਵਾਧੂ ਉਡਾਨਾਂ ਚਲਾ ਰਿਹਾ ਹੈ, ਉਥੇ ਸ੍ਰੀਨਗਰ ਅਤੇ ਜੰਮੂ ਵਿਚਕਾਰ ਨੈਸ਼ਨਲ ਹਾਈਵੇ-44 ਨੂੰ ਇਕਤਰਫ਼ਾ ਆਵਾਜਾਈ ਲਈ ਮੁੜ ਚਾਲੂ ਕਰ ਦਿਤਾ ਗਿਆ ਹੈ। ਮੈਂ ਪ੍ਰਸ਼ਾਸਨ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਸੈਲਾਨੀਆਂ ਦੀਆਂ ਗੱਡੀਆਂ ਨੂੰ ਬਾਹਰ ਨਿਕਲਣ ’ਚ ਮਦਦ ਕੀਤੀ ਜਾਵੇ।’’
ਇਸ ਵਿਚਕਾਰ ਕਾਂਗਰਸ ਆਗੂ ਕਰਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਗਾਮ ਹਮਲੇ ਤੋਂ ਡਰ ਕੇ ਆਉਣ ਵਾਲੇ ਸੈਰ-ਸਪਾਟਾ ਸੀਜ਼ਨ ’ਚ ਅਮਰਨਾਥ ਯਾਤਰਾ ਅਤੇ ਜੰਮੂ-ਕਸ਼ਮੀਰ ਤੋਂ ਮੂੰਹ ਨਾ ਫੇਰਨ।
ਸਾਬਕਾ ਗਵਰਨਰ ਅਤੇ ਸਦਰ-ਏ-ਰਿਆਸਤ ਜੰਮੂ-ਕਸ਼ਮੀਰ ਨੇ ਕਿਹਾ, ‘‘ਦੁਸ਼ਮਣ ਨੂੰ ਸਾਫ਼ ਸੰਦੇਸ਼ ਜਾਣਾ ਚਾਹੀਦਾ ਹੈ ਕਿ ਅਸੀਂ ਅਜਿਹੇ ਕਾਇਰਾਨਾ ਹਮਲਿਆਂ ਤੋਂ ਡਰਾਂਗੇ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ’ਚ ਸੁਰੱਖਿਆ ਯਕੀਨੀ ਕਰਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ।’’
Tourists turn away from Kashmir after Pahalgam terror attack