ਨਵੀਂ ਦਿੱਲੀ : ਪੰਡਿਤ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਜਮਹੂਰੀ ਇਤਿਹਾਸ ਵਿਚ ਨਵਾਂ ਅਧਿਆਏ ਜੋੜ ਦਿਤਾ ਹੈ। ਨਹਿਰੂ ਤੇ ਇੰਦਰਾ ਮਗਰੋਂ ਮੋਦੀ ਮੁਕੰਮਲ ਬਹੁਮਤ ਨਾਲ ਲਗਾਤਾਰ ਦੂਜੀ ਵਾਰ ਕੇਂਦਰੀ ਸੱਤਾ 'ਤੇ ਕਾਬਜ਼ ਹੁੰਦਿਆਂ ਤੀਜੇ ਪ੍ਰਧਾਨ ਮੰਤਰੀ ਬਣੇ ਹਨ। ਦੇਸ਼ ਵਿਚ ਆਜ਼ਾਦੀ ਮਗਰੋਂ 1951-52 ਵਿਚ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਵਿਚ ਪੰਡਿਤ ਨਹਿਰੂ ਤਿੰਨ ਚੌਥਾਈ ਸੀਟਾਂ ਜਿੱਤੇ ਸਨ। ਫਿਰ 1957 ਅਤੇ 1962 ਵਿਚ ਹੋਈਆਂ ਆਮ ਚੋਣਾਂ ਵਿਚ ਵੀ ਉਨ੍ਹਾਂ ਮੁਕੰਮਲ ਬਹੁਮਤ ਨਾਲ ਜਿੱਤ ਦਰਜ ਕੀਤੀ ਸੀ।
ਆਜ਼ਾਦੀ ਮਗਰੋਂ 1951 ਵਿਚ ਪਹਿਲੀ ਵਾਰ ਚੋਣਾਂ ਹੋਈਆਂ ਸਨ, ਇਸ ਲਈ ਇਸ ਕਵਾਇਦ ਨੂੰ ਪੂਰਾ ਕਰਨ ਵਿਚ ਲਗਭਗ ਪੰਜ ਮਹੀਨੇ ਲੱਗ ਗਏ ਸਨ। ਇਹ ਉਹ ਦੌਰ ਸੀ ਜਦ ਕਾਂਗਰਸ ਦਾ ਅਜਿੱਤ ਅਕਸ ਸੀ ਅਤੇ ਭਾਰਤੀ ਜਨਸੰਘ ਕਿਸਾਨ ਮਜ਼ਦੂਰ ਪਾਰਟੀ ਤੇ ਅਨੁਸੂਚਿਤ ਜਾਤੀ ਮਹਾਸੰਘ ਤੇ ਸੋਸ਼ਲਿਸਟ ਪਾਰਟੀ ਜਿਹੀਆਂ ਪਾਰਟੀਆਂ ਨੇ ਅੰਗੜਾਈ ਲੈਣੀ ਸ਼ੁਰੂ ਕਰ ਦਿਤੀ ਸੀ।
ਪਹਿਲੀਆਂ ਚੋਣਾਂ ਵਿਚ ਕਾਂਗਰਸ ਨੇ 489 ਸੀਟਾਂ ਵਿਚੋਂ 364 ਸੀਟਾਂ ਜਿੱਤੀਆਂ ਸਨ ਅਤੇ ਉਸ ਸਮੇਂ ਪਾਰਟੀ ਦੇ ਹੱਕ ਵਿਚ ਕਰੀਬ 45 ਫ਼ੀ ਸਦੀ ਵੋਟਾਂ ਪਈਆਂ ਸਨ। 1957 ਦੀਆਂ ਚੋਣਾਂ ਵਿਚ ਨਹਿਰੂ ਨੇ 371 ਸੀਟਾਂ ਜਿੱਤੀਆਂ ਸਨ। ਵੋਟ ਹਿੱਸੇਦਾਰੀ ਵੀ 45 ਫ਼ੀ ਸਦੀ ਤੋਂ ਵੱਧ ਕੇ 47.78 ਹੋ ਗਈ ਸੀ। 1962 ਦੀਆਂ ਆਮ ਚੋਣਾਂ ਵਿਚ ਵੀ ਨਹਿਰੂ ਨੇ ਲੋਕ ਸਭਾ ਦੀਆਂ ਕੁਲ 494 ਸੀਟਾਂ ਵਿਚੋਂ 361 ਸੀਟਾਂ 'ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ।
ਆਜ਼ਾਦ ਭਾਰਤ ਦੇ 20 ਸਾਲ ਦੇ ਰਾਜਸੀ ਇਤਿਹਾਸ ਵਿਚ ਆਖ਼ਰਕਾਰ ਕਾਂਗਰਸ ਦਾ ਜਲਵਾ ਬੇਰੰਗ ਹੋਣ ਲੱਗਾ ਅਤੇ ਉਹ ਛੇ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਹਾਰ ਗਈ। ਪਰ 1967 ਵਿਚ ਨਹਿਰੂ ਦੀ ਬੇਟੀ ਇੰਦਰਾ ਗਾਂਧੀ ਲੋਕ ਸਭਾ ਦੀਆਂ ਕੁਲ 520 ਸੀਟਾਂ ਵਿਚੋਂ 283 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ। ਉਦੋਂ ਹੀ ਇੰਦਰਾ ਨੇ 'ਗ਼ਰੀਬੀ ਹਟਾਉ' ਦਾ ਨਾਹਰਾ ਦਿਤਾ ਜਿਸ ਦਾ ਨਤੀਜਾ ਰਿਹਾ ਕਿ ਉਹ 1971 ਦੀਆਂ ਆਮ ਚੋਣਾਂ ਵਿਚ 352 ਸੀਟਾਂ ਜਿੱਤ ਗਈ।