ਸਿਹਤਕਰਮੀਆਂ ਨੇ ਇਕਾਂਤਵਾਸ ਬਾਰੇ ਨਵੀਆਂ ਹਦਾਇਤਾਂ ਦਾ ਕਾਲਾ ਰਿਬਨ ਬੰਨ੍ਹ ਕੇ ਕੀਤਾ ਵਿਰੋਧ
ਸਿਹਤਕਰਮੀਆਂ ਨੇ ਏਕਾਂਤਵਾਸ ਦੇ ਨਿਯਮਾਂ ’ਚ ਸਰਕਾਰ ਵਲੋਂ ਕੀਤੀਆਂ ਤਬਦੀਲੀਆਂ ਦਾ ਵਿਰਧ ਕਰਦਿਆਂ ਕੇਂਦਰ ਅਤੇ ਸ਼ਹਿਰ ਦੇ ਵੱਖੋ-
ਨਵੀਂ ਦਿੱਲੀ, 22 ਮਈ: ਸਿਹਤਕਰਮੀਆਂ ਨੇ ਏਕਾਂਤਵਾਸ ਦੇ ਨਿਯਮਾਂ ’ਚ ਸਰਕਾਰ ਵਲੋਂ ਕੀਤੀਆਂ ਤਬਦੀਲੀਆਂ ਦਾ ਵਿਰਧ ਕਰਦਿਆਂ ਕੇਂਦਰ ਅਤੇ ਸ਼ਹਿਰ ਦੇ ਵੱਖੋ-ਵੱਖ ਹਸਪਤਾਲਾਂ ਦੇ ਡਾਕਟਰ ਅਤੇ ਮੁਲਾਜ਼ਮ ਸ਼ੁਕਰਵਾਰ ਨੂੰ ਹੱਥਾਂ ’ਤੇ ਕਾਲੀ ਪੱਟੀ ਬੰਨ੍ਹ ਕੇ ਕੰਮ ’ਤੇ ਪੁੱਜੇ। ਅਸਲ ’ਚ ਸਰਕਾਰ ਨੇ ਸਿਹਤ ਮੁਲਾਜ਼ਮਾਂ ਦੇ ਏਕਾਂਤਵਾਸ ਸਬੰਧੀ ਨਿਯਮਾਂ ’ਚ ਤਬਦੀਲੀ ਕਰਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਡਿਊਟੀ ਤੋਂ ਬਾਅਦ ਉਨ੍ਹਾਂ ਨੂੰ ਉਦੋਂ ਤਕ ਏਕਾਂਤਵਾਸ ’ਚ ਭੇਜਣ ਦੀ ਜ਼ਰੂਰਤ ਨਹੀਂ ਹੈ, ਜਦੋਂ ਤਕ ਉਨ੍ਹਾਂ ਨੂੰ ਜਾਂ ਤਾਂ ਬਹੁਤ ਜ਼ਿਆਦਾ ਖ਼ਤਰਾ ਹੋਵੇ ਜਾਂ ਫਿਰ ਉਨ੍ਹਾਂ ’ਚ ਵਾਇਰਸ ਦੀ ਲਾਗ ਦੇ ਲੱਛਣ ਨਜ਼ਰ ਆ ਰਹੇ ਹੋਣ।
ਸਰਕਾਰ ਵਲੋਂ ਉਕਤ ਹਦਾਇਤਾਂ ਜਾਰੀ ਕੀਤੇ ਜਾਣ ਮਗਰੋਂ ਪਿਛਲੇ ਕੁੱਝ ਦਿਨਾਂ ’ਚ ਕਈ ਹਸਪਤਾਲਾਂ ਨੇ ਏਕਾਂਤਵਾਸ ’ਚ ਵੱਖੋ-ਵੱਖ ਹੋਟਲਾਂ ’ਚ ਰਹਿ ਰਹੇ ਅਪਣੇ ਮੁਲਾਜ਼ਮਾਂ ਤੋਂ ਉਹ ਥਾਂ ਖ਼ਾਲੀ ਕਰਨ ਨੂੰ ਕਿਹਾ ਹੈ ਅਤੇ ਅਜਿਹਾ ਨਾ ਕਰਨ ਦੀ ਸਥਿਤੀ ’ਚ ਤੈਅ ਮਿਤੀ ਮਗਰੋਂ ਉਥੋਂ ਰੁਕਣ ’ਤੇ ਆਇਆ ਖ਼ਰਚਾ ਮੁਲਾਜ਼ਮ ਦੀ ਤਨਖ਼ਾਹ ’ਚੋਂ ਕੱਟ ਲਿਆ ਜਾਵੇਗਾ।
ਕੇਂਦਰੀ ਸਿਹਤ ਮੰਤਰਾਲੇ ਵਲੋਂ 15 ਮਈ ਨੂੰ ਜਾਰੀ ਹਦਾਇਤਾਂ ਅਨੁਸਾਰ, ਕੋਰੋਨਾ ਵਾਇਰਸ ਡਿਊਟੀ ’ਤੇ ਲੱਗੇ ਸਿਹਤ ਮੁਲਾਜ਼ਮਾਂ ਨੂੰ ਏਕਾਂਤਵਾਸ ’ਚ ਤਾਂ ਹੀ ਭੇਜਿਆ ਜਾਵੇਗਾ ਜਦੋਂ ਉਨ੍ਹਾਂ ਦੇ ਪੀ.ਪੀ.ਟੀ. ਨਾਲ ਕੁੱਝ ਗੜਬੜੀ ਹੋ ਗਈ ਹੋਵੇ, ਜਾਂ ਫਿਰ ਉਹ ਬਹੁਤ ਜ਼ਿਆਦਾ ਖ਼ਤਰੇ ਦੀ ਜਦ ’ਚ ਆ ਗਏ ਹੋਣ ਜਾਂ ਫਿਰ ਉਨ੍ਹਾਂ ’ਚ ਕੋਰੋਨਾ ਵਾਇਰਸ ਲੱਗਣ ਦੇ ਲੱਛਣ ਨਜ਼ਰ ਆ ਰਹੇ ਹੋਣ।
ਪਰ ਕੋਰੋਨਾ ਵਾਇਰਸ ਡਿਊਟੀ ’ਤੇ ਤੈਨਾਤ ਸਿਹਤ ਮੁਲਾਜ਼ਮਾਂ ਨੇ ਇਨ੍ਹਾਂ ਨਵੀਆਂ ਹਦਾਇਤਾਂ ਦਾ ਵਿਰੋਧ ਕੀਤਾ ਹੈ। ਫ਼ੈਡਰੇਸ਼ਨ ਆਫ਼ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸ਼ਿਵਾਜੀ ਦੇਵ ਬਰਮਨ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਸਹਿਕਰਮੀਆਂ ਅਤੇ ਪ੍ਰਵਾਰ ਦੇ ਜੀਆਂ ’ਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਕੋਰੋਨਾ ਵਾਇਰਸ ਡਿਊਟੀ ਤੋਂ ਬਾਅਦ ਸਾਰੇ ਡਾਕਟਰਾਂ ਦੀ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਘੱਟ ਤੋਂ ਘੱਟ ਸੱਤ ਦਿਨਾਂ ਲਈ ਏਕਾਂਤਵਾਸ ’ਚ ਰਖਿਆ ਜਾਵੇ। ਇਸ ਬਾਰੇ ਐਸੋਸੀਏਸ਼ਨ ਨੇ ਕੇਂਦਰੀ ਸਿਹਤ ਮੰਤਰੀ ਨੂੰ ਚਿੱਠੀ ਲਿਖ ਕੇ ਹਦਾਇਤਾਂ ’ਚ ਤਬਦੀਲੀ ਕਰਨ ਦੀ ਵੀ ਮੰਗ ਕੀਤੀ ਹੈ। (ਪੀਟੀਆਈ)