ਭਾਰਤੀ ਅਰਥ ਵਿਵਸਥਾ ’ਚ 2020-21 ਵਿਚ ਆ ਸਕਦੀ ਹੈ ਗਿਰਾਵਟ : ਮੂਡੀਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਟਿੰਗ ਏਜੰਸੀ ਮੂਡੀਜ਼ ਇੰਵੈਸਟਰਸ ਸਰਵਿਸ ਦਾ ਅੰਦਾਜਾ ਹੈ ਕਿ 2020-21 ਵਿਚ ਭਾਰਤੀ ਅਰਥ ਵਿਵਸਥਾ ਵਿਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ

File Photo

ਨਵੀਂ ਦਿੱਲੀ, 22 ਮਈ : ਰੇਟਿੰਗ ਏਜੰਸੀ ਮੂਡੀਜ਼ ਇੰਵੈਸਟਰਸ ਸਰਵਿਸ ਦਾ ਅੰਦਾਜਾ ਹੈ ਕਿ 2020-21 ਵਿਚ ਭਾਰਤੀ ਅਰਥ ਵਿਵਸਥਾ ਵਿਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਹ ਚਾਰ ਦਹਾਕਿਆਂ ਵਿਚ ਪਹਿਲੀ ਵਾਰ ਹੋਵੇਗਾ, ਜਦੋਂ ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਜਾਰੀ ਲਾਕਡਾਊਨ ਕਾਰਨ ਖਪਤ ਘੱਟ ਹੋਣ ਅਤੇ ਕਾਰੋਬਾਰੀ ਗਤੀਵਿਧੀਆਂ ਰੁਕਣ ਨਾਲ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਘਰੇਲੂ ਅਰਥ ਵਿਵਸਥਾ ਵਿਚ ਗਿਰਾਵਟ ਆਵੇਗੀ। ਮੂਡੀਜ਼ ਮੁਤਾਬਕ ਕੋਰੋਨਾ ਵਾਇਰਸ ਸੰਕਟ ਤੋਂ ਪਹਿਲਾਂ ਵੀ ਭਾਰਤ ਦੀ ਅਰਥ ਵਿਵਸਥਾ ਦੀ ਵਾਧਾ ਦਰ ਹੌਲੀ ਪੈ ਗਈ ਸੀ ਅਤੇ ਇਹ 6 ਸਾਲ ਦੀ ਸਭ ਤੋਂ ਹੇਠਲੀ ਦਰ ’ਤੇ ਪਹੁੰਚ ਗਈ ਸੀ। ਸਰਕਾਰ ਵਲੋਂ ਆਰਥਕ ਰਾਹਤ ਪੈਕੇਜ ਵਿਚ ਚੁੱਕੇ ਗਏ ਕਦਮ ਉਮੀਦਾਂ ਦੇ ਅਨੁਸਾਰ ਨਹੀਂ ਹਨ।

ਅਰਥ ਵਿਵਸਥਾ ਦੀਆਂ ਸਮੱਸਿਆਵਾਂ ਇਸ ਤੋਂ ਜ਼ਿਆਦਾ ਵਿਆਪਕ ਹਨ। ਮੂਡੀਜ਼ ਨੇ ਅਪਣੀ ਰੀਪੋਰਟ ਵਿਚ ਕਿਹਾ, ‘‘ ਹੁਣ ਸਾਡਾ ਅੰਦਾਜਾ ਹੈ ਕਿ ਵਿੱਤ ਸਾਲ 2020-21 ਵਿਚ ਭਾਰਤੀ ਅਰਥ ਵਿਵਸਥਾ ਦੀ ਜੀ.ਡੀ.ਪੀ. ਵਾਧਾ ਦਰ ਵਿਚ ਅਸਲ ਗਿਰਾਵਟ ਆਵੇਗੀ। ਇਸ ਤੋਂ ਪਹਿਲਾਂ ਅਸੀਂ ਵਾਧਾ ਦਰ ਸਿਫ਼ਰ ਰਹਿਣ ਦੀ ਸੰਭਾਵਨਾ ਜਤਾਈ ਸੀ। ਹਾਲਾਂਕਿ ਮੂਡੀਜ਼ ਨੇ 2021-22 ਵਿਚ ਦੇਸ਼ ਦੀ ਅਰਥ ਵਿਵਸਥਾ ਵਿਚ ਸੁਧਾਰ ਹੋਣ ਦੀ ਉਮੀਦ ਜਤਾਈ ਹੈ। ਇਹ ਉਸ ਦੇ ਪੁਰਾਣੇ 6.6 ਫ਼ੀ ਸਦੀ ਦੀ ਵਾਧਾ ਦਰ ਦੇ ਅੰਦਾਜੇ ਤੋਂ ਵੀ ਮਜਬੂਤ ਰਹਿ ਸਕਦੀ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕੋਵਿਡ-19 ਲਾਕਡਾਊਨ ਦਾ ਭਾਰਤੀ ਅਰਥ ਵਿਵਸਥਾ ’ਤੇ ਡੂੰਘਾ ਅਸਰ ਪੈਣ ਦੀ ਸੰਭਾਵਨਾ ਹੈ। ਇਹ ਜਨਤਕ ਅਤੇ ਨਿਜੀ ਦੋਵਾਂ ਖੇਤਰ ਨੂੰ ਪ੍ਰਭਾਵਤ ਕਰੇਗਾ।    (ਪੀਟੀਆਈ)