ਅਮਫ਼ਾਨ ਤੂਫ਼ਾਨ ਪ੍ਰਭਾਵਿਤ ਸੂਬਿਆਂ ਲਈ ਕੇਜਰੀਵਾਲ ਨੇ ਮਦਦ ਲਈ ਵਧਾਇਆ ਹੱਥ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਤੂਫ਼ਾਨ ਪ੍ਰਭਾਵਿਤ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਪ੍ਰਤੀ
ਨਵੀਂ ਦਿੱਲੀ, 22 ਮਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਤੂਫ਼ਾਨ ਪ੍ਰਭਾਵਿਤ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਪ੍ਰਤੀ ਇਕਜੁੱਟਤਾ ਦਿਖਾਉਂਦੇ ਹੋਏ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮਦਦ ਦੀ ਪੇਸ਼ਕਸ਼ ਕੀਤੀ। ਜ਼ਿਕਰਯੋਗ ਹੈ ਕਿ ਮਹਾਚੱਕਰਵਾਤੀ ਤੂਫ਼ਾਨ ਅਮਫ਼ਾਨ ਕਾਰਨ ਪੱਛਮੀ ਬੰਗਾਲ ’ਚ ਹੁਣ ਤਕ ਲਗਭਗ 80 ਲੋਕਾਂ ਦੀ ਮੌਤ ਹੋਈ ਹੈ ਜਦਕਿ ਹਜ਼ਾਰਾਂ ਲੋਕ ਬੇਘਰ ਹੋ ਗਏ। ਓਡੀਸ਼ਾ ਦੇ ਤੱਟੀ ਜ਼ਿਲਿ੍ਹਆਂ ’ਚ ਵੀ ਤੂਫ਼ਾਨ ਨਾਲ ਭਾਰੀ ਤਬਾਹੀ ਹੋਈ ਹੈ।
ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ’ਚ ਲਿਖਿਆ, ‘‘ਮਾਣਯੋਗ ਮਮਤਾ ਦੀਦੀ, ਦਿੱਲੀ ਦੇ ਲੋਕਾਂ ਵਲੋਂ ਮੈਂ ਚੱਕਰਵਾਤੀ ਤੂਫ਼ਾਨ ਅਮਫ਼ਾਨ ਕਾਰਨ ਹੋਈ ਤਬਾਹੀ ਤੋਂ ਉਭਰਨ ਲਈ ਪੱਛਮੀ ਬੰਗਾਲ ਦੇ ਲੋਕਾਂ ਪ੍ਰਤੀ ਸਮਰਥਨ ਅਤੇ ਇਕਜੁੱਟਤਾ ਪ੍ਰਗਟ ਕਰਦਾ ਹਾਂ। ਕ੍ਰਿਪਾ ਕਰ ਕੇ ਦਸੋ ਕਿ ਅਸੀਂ ਇਸ ਸੰਕਟ ਦੀ ਘੜੀ ’ਚ ਕੀ ਮਦਦ ਕਰ ਸਕਦੇ ਹਾਂ।’’
ਇਸ ਦੇ ਨਾਲ ਉਨ੍ਹਾਂ ਇਕ ਹੋਰ ਟਵੀਟ ਕੀਤਾ ਹੈ, ਜਿਸ ’ਚ ਮੁੱਖ ਮੰਤਰੀ ਕੇਜਰੀਵਾਲ ਨੇ ਓਡੀਸ਼ਾ ਦੇ ਲੋਕਾਂ ਪ੍ਰਤੀ ਇਕਜੁੱਟਤਾ ਪ੍ਰਗਟ ਕੀਤੀ ਅਤੇ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਮਦਦ ਦੀ ਪੇਸ਼ਕਸ਼ ਕੀਤੀ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਪੱਛਮੀ ਬੰਗਾਲ ਅਤੇ ਓਡੀਸ਼ਾ ‘ਚ ਅਮਫ਼ਾਨ ਤੂਫ਼ਾਨ ਨੇ ਦਸਤਕ ਦਿਤੀ ਸੀ। 160 ਤੋਂ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੇ ਅਮਫ਼ਾਨ ਤੂਫ਼ਾਨ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ ’ਚ ਭਾਰੀ ਤਬਾਹੀ ਮਚਾਈ ਹੈ। ਇਹ ਵੀ ਦਸਿਆ ਜਾਂਦਾ ਹੈ ਕਿ ਪੱਛਮੀ ਬੰਗਾਲ ’ਚ 283 ਸਾਲ ਬਾਅਦ ਅਜਿਹਾ ਭਿਆਨਕ ਤੂਫ਼ਾਨ ਆਇਆ ਹੈ। ਇਸ ਤੂਫ਼ਾਨ ਕਾਰਨ ਕੋਲਕਾਤਾ ਸਮੇਤ ਕਈ ਸ਼ਹਿਰਾਂ ’ਚ ਰੁੱਖਾਂ ਤੋਂ ਲੈ ਕੇ ਘਰ, ਬਿਜਲੀ ਦੇ ਖੰਭੇ, ਵਾਹਨਾਂ ਕਾਫੀ ਬਰਬਾਦ ਹੋਏ ਹਨ। ਇਕ ਅੰਦਾਜ਼ੇ ਮੁਤਾਬਕ ਤੂਫ਼ਾਨ ਨਾਲ ਸੂਬੇ ’ਚ ਇਕ ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਨੁਕਸਾਨ ਹੋਇਆ ਹੈ। (ਏਜੰਸੀ)