ਨੋਟਬੰਦੀ ਸਮੇਂ ਅਹਿਮਦਾਬਾਦ ਦੇ ਸਹਿਕਾਰੀ ਬੈਂਕ ਵਿਚ 746 ਕਰੋੜ ਜਮ੍ਹਾਂ ਕਰਾਏ ਗਏ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਨੋਟਬੰਦੀ ਦੇ ਸਮੇਂ ਅਹਿਮਦਾਬਾਦ ਦੇ ਉਹ ਸਹਿਕਾਰੀ ਬੈਂਕ ਵਿਚ ਪੰਜ ਦਿਨਾਂ ਅੰਦਰ ਕਰੀਬ 746 ਕਰੋੜ ਰੁਪਏ ਜਮ੍ਹਾਂ......

Randeep Surjewala

ਨਵੀਂ ਦਿੱਲੀ : ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਨੋਟਬੰਦੀ ਦੇ ਸਮੇਂ ਅਹਿਮਦਾਬਾਦ ਦੇ ਉਹ ਸਹਿਕਾਰੀ ਬੈਂਕ ਵਿਚ ਪੰਜ ਦਿਨਾਂ ਅੰਦਰ ਕਰੀਬ 746 ਕਰੋੜ ਰੁਪਏ ਜਮ੍ਹਾਂ ਕਰਾਏ ਗਏ ਜਿਸ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਿਰਦੇਸ਼ਕ ਹਨ। ਪਾਰਟੀ ਨੇ ਇਸ ਮਾਮਲੇ ਦੀ ਨਿਰਪੱਖ ਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਨੋਟਬੰਦੀ ਦੌਰਾਨ ਕੁੱਝ ਦਿਨਾਂ ਅੰਦਰ ਗੁਜਰਾਤ ਦੇ ਕਈ ਸਹਿਕਾਰੀ ਬੈਂਕਾਂ ਵਿਚ ਹਜ਼ਾਰਾਂ ਕਰੋੜ ਰੁਪਏ ਜਮ੍ਹਾਂ ਕਰਾਏ ਗਏ ਸਨ। ਉਧਰ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਮਿਤ ਸ਼ਾਹ 'ਤੇ ਵਿਅੰਗ ਕਰਦਿਆਂ ਕਿਹਾ, 'ਅਮਿਤ ਸ਼ਾਹ ਜੀ ਵਧਾਈ।

ਸੱਭ ਤੋਂ ਜ਼ਿਆਦਾ ਨੋਟ ਬਦਲਣ ਦੇ ਮਾਮਲੇ ਵਿਚ ਤੁਹਾਡੇ ਬੈਂਕ ਨੂੰ ਪਹਿਲਾ ਸਥਾਲੀ ਮਿਲਿਆ। ਨੋਟਬੰਦੀ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਗਈ, ਪ੍ਰਾਪਤੀ ਲਈ ਵਧਾਈ।' ਕਾਂਗਰਸ ਦੇ ਦਾਅਵੇ ਮਗਰੋਂ ਸਹਿਕਾਰੀ ਬੈਂਕਾਂ ਦੇ ਰੈਗੂਲੇਟਰ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ ਯਾਨੀ ਨਾਬਾਰਡ ਨੇ ਬਿਆਨ ਜਾਰੀ ਕਰ ਕੇ ਕਿਹਾ, 'ਅਹਿਮਦਾਬਾਦ ਡੀਸੀਸੀਬੀ ਦੇ ਕੁਲ 17 ਲੱਖ ਖਾਤਿਆਂ ਵਿਚੋਂ ਮਹਿਜ਼ 1.60 ਲੱਖ ਖਾਤਿਆਂ ਵਿਚ ਪੁਰਾਣੇ ਨੋਟ ਜਮ੍ਹਾਂ ਕੀਤੇ ਗਏ ਜਾਂ ਬਦਲੇ ਗਏ ਜੋ ਸਾਰੇ ਜਮ੍ਹਾਂ ਖਾਤਿਆਂ ਦਾ ਮਹਿਜ਼ 9.37 ਫ਼ੀ ਸਦੀ ਹੈ।

ਸੁਰਜੇਵਾਲਾ ਨੇ ਆਰਟੀਆਈ ਅਰਜ਼ੀਆਂ ਤੋਂ ਮਿਲੇ ਜਵਾਬ ਦੇ ਕਾਗ਼ਜ਼ ਪੇਸ਼ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਨੋਟਬੰਦੀ ਦੌਰਾਨ ਭਾਜਪਾ ਅਤੇ ਆਰਐਸਐਸ ਨੇ ਕਿੰਨੀਆਂ ਸੰਪਤੀਆਂ ਖ਼ਰੀਦੀਆਂ ਅਤੇ ਉਨ੍ਹਾਂ ਦੀ ਕੁਲ ਕੀਮਤ ਕਿੰਨੀ ਹੈ? ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਭਾਜਪਾ ਆਗੂਆਂ ਦੁਆਰਾ ਸੰਚਾਲਤ 11 ਬੈਂਕਾਂ ਵਿਚ ਪੰਜ ਦਿਨਾਂ ਅੰਦਰ 3118 ਕਰੋੜ ਰੁਪਏ ਤੋਂ ਵੱਧ ਜਮ੍ਹਾਂ ਕਰਾਏ ਗਏ। (ਏਜੰਸੀ)